ਗੁਰਦਾਸਪੁਰ, 30 ਜੁਲਾਈ 2024 – ਗੁਰਦਾਸਪੁਰ ਦੇ ਪਿੰਡ ਬਿਆਣਪੁਰ ਦੇ 22 ਸਾਲਾ ਨੌਜਵਾਨ ਗੁਰਦੀਪ ਸਿੰਘ ਨੂੰ 7 ਸਾਲ ਪਹਿਲਾਂ ਇੱਕ ਏਜੰਟ ਨੇ ਡੋਂਕੀ ਲਗਾ ਕੇ ਅਮਰੀਕਾ ਭੇਜਿਆ ਸੀ। ਗੁਰਦੀਪ ਸਿੰਘ ਸੱਤ ਸਾਲ ਬਾਅਦ ਵੀ ਕੋਈ ਸੁਰਾਗ ਨਹੀਂ ਮਿਲ ਰਿਹਾ ਜਿਸ ਕਾਰਨ ਪਰਿਵਾਰ ਲਗਾਤਾਰ ਏਜੈਂਟ ਦੇ ਪਿੱਛੇ ਪਿਆ ਹੈ ਪਰ ਏਜੈਂਟ ਨੇ ਹੁਣ ਫੋਨ ਵੀ ਸਵਿਚ ਆਫ ਕਰ ਦਿੱਤਾ ਹੈ।
ਗੁਰਦੀਪ ਸਿੰਘ ਦੇ ਪਿਤਾ ਅਵਤਾਰ ਸਿੰਘ ਨੇ ਦੱਸਿਆ ਕਿ ਇਸੇ ਪਿੰਡ ਦੇ ਇੱਕ ਪਰਿਵਾਰ ਰਾਹੀਂ ਉਹ ਮੁਕੇਰੀਆਂ ਦੇ ਪਿੰਡ ਮਹਿੰਦੀਪੁਰ ਦੇ ਸੁਖਵਿੰਦਰ ਸਿੰਘ ਦੇ ਸੰਪਰਕ ਵਿੱਚ ਆਇਆ ਸੀ। ਸੁਖਵਿੰਦਰ ਸਿੰਘ ਪੰਜਾਬ ਪੁਲੀਸ ਵਿੱਚ ਕਾਂਸਟੇਬਲ ਵਜੋਂ ਤਾਇਨਾਤ ਹੈ ਅਤੇ ਲੋਕਾਂ ਨੂੰ ਬਾਹਰ ਭੇਜਣ ਦਾ ਕੰਮ ਵੀ ਕਰਦਾ ਹੈ। ਗੁਰਦੀਪ ਸਿੰਘ ਨੂੰ ਅਮਰੀਕਾ ਭੇਜਣ ਲਈ 35 ਲੱਖ ਰੁਪਏ ਵਿੱਚ ਸੌਦਾ ਤੈਅ ਹੋਇਆ ਸੀ ਅਤੇ 12 ਲੱਖ ਰੁਪਏ ਐਡਵਾਂਸ ਲੈ ਲਏ ਗਏ ਸਨ ਅਤੇ ਬਾਕੀ ਪੈਸੇ ਗੁਰਦੀਪ ਦੇ ਅਮਰੀਕਾ ਪਹੁੰਚਣ ਤੋਂ ਬਾਅਦ ਦਿੱਤੇ ਜਾਣੇ ਸਨ, ਜਿਸ ਤੋਂ ਬਾਅਦ ਗੁਰਦੀਪ 28 ਮਈ 2017 ਨੂੰ ਘਰੋਂ ਦਿੱਲੀ ਲਈ ਰਵਾਨਾ ਹੋ ਗਿਆ।
ਅਵਤਾਰ ਸਿੰਘ ਨੇ ਦੱਸਿਆ ਕਿ ਉਸ ਨੇ 7 ਸਾਲ ਪਹਿਲਾਂ ਆਪਣੇ ਬੇਟੇ ਨਾਲ ਗੱਲ ਕੀਤੀ ਸੀ ਅਤੇ ਉਸ ਨੇ ਦੱਸਿਆ ਸੀ ਕਿ ਉਹ ਪਹਿਲਾਂ ਮੈਕਸੀਕੋ ਜਾ ਰਿਹਾ ਹੈ। ਪਰ ਇਸ ਤੋਂ ਬਾਅਦ ਅੱਜ ਤੱਕ ਉਸ ਦਾ ਪੁੱਤਰ ਨਾਲ ਕੋਈ ਸੰਪਰਕ ਨਹੀਂ ਹੋਇਆ। ਉਦੋਂ ਤੋਂ ਉਹ ਲਗਾਤਾਰ ਏਜੰਟ ਨੂੰ ਆਪਣੇ ਬੱਚੇ ਬਾਰੇ ਪੁੱਛ ਰਿਹਾ ਹੈ ਅਤੇ ਹੁਣ ਏਜੰਟ ਦਾ ਫੋਨ ਵੀ ਬੰਦ ਹੋ ਗਿਆ ਹੈ।