ਪੰਜਾਬ ਪੁਲਸ ਦੇ ਸੀਨੀਅਰ ਸਹਾਇਕ ਨੇ ਕੀਤੀ ਖ਼ੁਦਕੁਸ਼ੀ, ਪੜ੍ਹੋ ਕੀ ਹੈ ਮਾਮਲਾ

ਲੁਧਿਆਣਾ, 10 ਨਵੰਬਰ 2024 – ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਤੋਂ ਇਕ ਬੇਹੱਦ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪੰਜਾਬ ਪੁਲਸ ਦੇ ਸੀਨੀਅਰ ਸਹਾਇਕ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ ਹੈ। ਪਾਇਲ ਸਬ-ਡਵੀਜ਼ਨ ਅਧੀਨ ਪੈਂਦੇ ਥਾਣਾ ਮਲੌਦ ਦੀ ਪੁਲਸ ਨੇ ਪੰਜਾਬ ਪੁਲਸ ਦੇ ਸੀਨੀਅਰ ਸਹਾਇਕ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਪਤਨੀ ਸਮੇਤ 4 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਸਿਕੰਦਰ ਸਿੰਘ (43) ਪੁੱਤਰ ਭਜਨ ਸਿੰਘ ਵਾਸੀ ਪਿੰਡ ਸੋਹੀਆਂ ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ।

ਮ੍ਰਿਤਕ ਦੇ ਭਰਾ ਰਾਜਵਿੰਦਰ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਦਾ ਛੋਟਾ ਭਰਾ ਸਿਕੰਦਰ ਸਿੰਘ ਆਈ. ਜੀ. ਦਫ਼ਤਰ ਲੁਧਿਆਣਾ ਵਿਚ ਸੀਨੀਅਰ ਸਹਾਇਕ ਸੀ। ਸਿਕੰਦਰ ਦਾ ਵਿਆਹ 2014 ਵਿਚ ਗਗਨਦੀਪ ਕੌਰ ਪੁੱਤਰੀ ਹਰਬੰਸ ਸਿੰਘ ਵਾਸੀ ਪਾਇਲ ਨਾਲ ਹੋਇਆ ਸੀ, ਜਿਨ੍ਹਾਂ ਦੇ ਦੋ ਬੱਚੇ (ਲੜਕਾ ਪ੍ਰਭਨੂਰ ​​ਸਿੰਘ, 8 ਸਾਲ ਅਤੇ ਲੜਕੀ ਏਕਮਪ੍ਰੀਤ ਕੌਰ, 7 ਸਾਲ) ਹਨ।

ਉਸ ਨੇ ਅੱਗੇ ਦੱਸਿਆ ਕਿ ਉਸ ਦੀ ਭਰਜਾਈ ਗਗਨਦੀਪ ਅਕਸਰ ਸਿਕੰਦਰ ਸਿੰਘ ਨਾਲ ਛੋਟੀਆਂ-ਛੋਟੀਆਂ ਗੱਲਾਂ ’ਤੇ ਉਸ ਨਾਲ ਲੜਾਈ-ਝਗੜਾ ਕਰਨ ਤੋਂ ਇਲਾਵਾ ਆਪਣੇ ਬੱਚਿਆਂ ਸਾਹਮਣੇ ਆਪਣੇ ਪਤੀ ਦੀ ਕੁੱਟਮਾਰ ਵੀ ਕਰਦੀ ਸੀ। ਇਸ ਸਬੰਧੀ ਉਸ ਨੇ ਆਪਣੀ ਸੱਸ ਸੁਖਦੇਵ ਕੌਰ, ਸਾਲੇ ਬਲਰਾਜ ਸਿੰਘ ਵਾਸੀਅਨ ਪਾਇਲ ਅਤੇ ਸਾਲੀ ਅਮਨਦੀਪ ਕੌਰ ਵਾਸੀ ਖਰੜ (ਮੋਹਾਲੀ) ਨੂੰ ਕਈ ਵਾਰ ਦੱਸਿਆ ਸੀ, ਜਿਨ੍ਹਾਂ ਨੇ ਗਗਨਦੀਪ ਕੌਰ ਨੂੰ ਸਮਝਾਉਣ ਦੀ ਬਜਾਏ ਉਸ ਦਾ ਸਾਥ ਦਿੰਦਿਆਂ ਉਸ ਨੂੰ ਧਮਕੀਆਂ ਤਕ ਦਿੱਤੀਆਂ, ਜਿਸ ਕਾਰਨ ਸਿਕੰਦਰ ਭਰਾ ਬਹੁਤ ਦੁਖੀ ਰਹਿੰਦਾ ਸੀ।

ਸ਼ਿਕਾਇਤਕਰਤਾ ਨੇ ਦੱਸਿਆ ਕਿ 7 ਨਵੰਬਰ 2024 ਨੂੰ ਸਵੇਰੇ ਸਵਾ 8 ਵਜੇ ਉਸ ਦੇ ਲੜਕੇ ਨਵਦੀਪ ਸਿੰਘ ਨੇ ਦੱਸਿਆ ਕਿ ਚਾਚੀ ਗਗਨਦੀਪ ਕੌਰ ਦੀ ਚਾਚੇ ਸਿਕੰਦਰ ਸਿੰਘ ਨਾਲ ਲੜਾਈ ਹੋ ਰਹੀ ਹੈ। ਜਦੋਂ ਉਹ ਸਿਕੰਦਰ ਦੇ ਘਰ ਗਿਆ ਤਾਂ ਗਗਨਦੀਪ ਪ੍ਰੈੱਸ ਨਾਲ ਸਿਕੰਦਰ ’ਤੇ ਹਮਲਾ ਕਰ ਰਹੀ ਸੀ। ਗਗਨਦੀਪ ਨੇ ਸਿਕੰਦਰ ਨੂੰ ਥੱਪੜ ਵੀ ਮਾਰ ਦਿੱਤਾ, ਜਿਸ ਕਾਰਨ ਉਹ ਬਾਹਰ ਸੜਕ ’ਤੇ ਡਿੱਗ ਗਿਆ।

ਸਿਕੰਦਰ ਦੁਖੀ ਹੋ ਕੇ ਆਪਣੀ ਕਾਰ ਵਿਚ ਘਰੋਂ ਚਲਾ ਗਿਆ ਅਤੇ ਜਦੋਂ 10.30 ਵਜੇ ਵਾਪਸ ਆਇਆ ਤਾਂ ਉਸ ਦੇ ਮੂੰਹ ਵਿਚੋਂ ਝੱਗ ਨਿਕਲ ਰਹੀ ਸੀ, ਜਿਸ ਨੇ ਦੱਸਿਆ ਕਿ ਉਸ ਨੇ ਆਪਣੀ ਪਤਨੀ ਗਗਨਦੀਪ ਕੌਰ, ਸੱਸ ਸੁਖਦੇਵ ਕੌਰ, ਸਾਲੇ ਬਲਰਾਜ ਸਿੰਘ ਅਤੇ ਸਾਲੀ ਅਮਨਦੀਪ ਕੌਰ ਤੋਂ ਤੰਗ ਆ ਸਲਫਾਸ ਖਾ ਲਈ ਹੈ। ਡੀ.ਐੱਮ.ਸੀ ਹਸਪਤਾਲ ਲੁਧਿਆਣਾ ਦੇ ਡਾਕਟਰਾਂ ਨੇ ਸਿਕੰਦਰ ਨੂੰ ਮ੍ਰਿਤਕ ਐਲਾਨ ਦਿੱਤਾ।

ਰਾਜਵਿੰਦਰ ਸਿੰਘ ਨੇ ਇਲਜ਼ਾਮ ਲਾਇਆ ਕਿ ਉਸ ਦੇ ਭਰਾ ਦੀ ਮੌਤ ਉਪਰੋਕਤ ਮੁਲਜ਼ਮਾਂ ਵਲੋਂ ਤੰਗ ਪ੍ਰੇਸ਼ਾਨ ਕਰਨ, ਕੁੱਟਮਾਰ ਕਰਨ ਅਤੇ ਅਪਮਾਨਿਤ ਕਰਨ ਕਾਰਨ ਹੋਈ ਹੈ, ਜਿਸ ਤੋਂ ਬਾਅਦ ਮਲੌਦ ਪੁਲਸ ਨੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।

ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ. ਗੁਰਮੀਤ ਸਿੰਘ ਨੇ ਕਿਹਾ ਕਿ ਕਥਿਤ ਮੁਲਜ਼ਮਾਂ ਖਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਗਗਨਦੀਪ ਕੌਰ ਨੂੰ ਗ੍ਰਿਫ਼ਤਾਰ ਕਰ ਕੇ ਮਾਣਯੋਗ ਇਲਾਕਾ ਮੈਜਿਸਟ੍ਰੇਟ ਪਾਇਲ ਦੀ ਅਦਾਲਤ ਵਿਚ ਪੇਸ਼ ਕਰ ਕੇ ਉਸ ਦੇ ਰਿਮਾਂਡ ਦੀ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਪੰਜਾਬ ਪੁਲਸ ਦੇ ਸੀਨੀਅਰ ਸਹਾਇਕ ਸਿਕੰਦਰ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ‘ਚ ਹੁਣ ਹੌਲੀ-ਹੌਲੀ ਠੰਡ ਲੱਗੀ ਵੱਧਣ: ਮੌਸਮ ਨੂੰ ਲੈ ਕੇ ਅਲਰਟ ਜਾਰੀ

ਪੰਥਕ ਵਿਵਾਦ ਵਿਚਾਲੇ 12 ਨਵੰਬਰ ਨੂੰ SGPC ਪ੍ਰਧਾਨ ਨੇ ਸੱਦੀ ਅਹਿਮ ਮੀਟਿੰਗ