ਲੁਧਿਆਣਾ, 26 ਅਗਸਤ 2022 – ਲੁਧਿਆਣਾ ਵਿੱਚ ਇੱਕ ਨੌਕਰ ਵੱਲੋਂ ਪਰਿਵਾਰ ਦੇ ਮੈਂਬਰਾਂ ਨੂੰ ਨਸ਼ੀਲਾ ਪਦਾਰਥ ਦੇ ਕੇ ਘਰ ਲੁੱਟਣ ਦੀ ਘਟਨਾ ਸਾਹਮਣੇ ਆਈ ਹੈ। ਘਟਨਾ ਦਾ ਉਦੋਂ ਪਤਾ ਲੱਗਾ ਜਦੋਂ ਘਰ ਦੀ ਮਾਲਕਣ ਦੀ ਹਾਲਤ ਨਸ਼ੀਲੇ ਪਦਾਰਥ ਦੇ ਕਾਰਨ ਵਿਗੜ ਗਈ। ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਗਏ। ਇਸ ਦੇ ਨਾਲ ਹੀ ਕੁਝ ਸਮੇਂ ਬਾਅਦ ਪਰਿਵਾਰ ਦੇ ਬਾਕੀ ਮੈਂਬਰਾਂ ਦੀ ਵੀ ਹਾਲਤ ਵਿਗੜਨ ਲੱਗੀ।
ਮਾਮਲਾ ਥਾਣਾ ਸਰਾਭਾ ਨਗਰ ਦੇ ਰਾਜਗੁਰੂ ਨਗਰ ਇਲਾਕੇ ਦਾ ਹੈ। 3 ਦਿਨ ਪਹਿਲਾਂ ਪੈਟਰੋਲ ਪੰਪ ਮਾਲਕ ਦੇ ਘਰ ਨੌਕਰ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੈਟਰੋਲ ਪੰਪ ਦਾ ਮਾਲਕ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਦਾ ਮੁਖੀ ਵੀ ਹੈ। ਨੌਕਰ ਨੇ ਇਸ ਵਾਰਦਾਤ ਵਿੱਚ ਆਪਣੇ ਦੋ ਸਾਥੀਆਂ ਦੀ ਮਦਦ ਵੀ ਲਈ। ਨਸ਼ੇ ਕਾਰਨ ਪਰਿਵਾਰ ਦੀ ਔਰਤ ਦੀ ਹਾਲਤ ਵਿਗੜਨ ‘ਤੇ ਉਸ ਨੂੰ ਡੀ.ਐਮ.ਸੀ. ਹਸਪਤਾਲ ਲਿਜਾਇਆ ਗਿਆ। ਔਰਤ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਕਿ ਉਸ ਦੇ ਪਤੀ ਨੂੰ ਵੀ ਚੱਕਰ ਆਉਣ ਲੱਗੇ।
ਪੀੜਤ ਔਰਤ ਦੀ ਪਛਾਣ ਚੇਤਨਾ ਵਜੋਂ ਹੋਈ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਪਤੀ ਦਾ ਨਾਂ ਅਸ਼ੋਕ ਸਚਦੇਵਾ ਹੈ। ਅਸ਼ੋਕ ਸਚਦੇਵਾ ਨੇ ਪੁਲਿਸ ਨੂੰ ਦੱਸਿਆ ਕਿ ਉਸਦੀ ਪਤਨੀ ਚੇਤਨਾ ਦੇ ਰਾਤ ਦਾ ਖਾਣਾ ਖਾਣ ਤੋਂ ਬਾਅਦ ਉਸਦੀ ਹਾਲਤ ਵਿਗੜ ਗਈ। ਇਸ ਦੌਰਾਨ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਪਰਿਵਾਰ ਦੇ ਬਾਕੀ ਮੈਂਬਰਾਂ ਦੀ ਵੀ ਹਾਲਤ ਵਿਗੜਨ ਲੱਗੀ।
ਜਦੋਂ ਉਸ ਨੇ ਘਰ ਆ ਕੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਪਤਾ ਲੱਗਾ ਕਿ ਉਸ ਦਾ ਨੌਕਰ ਦੋ ਹੋਰ ਸਾਥੀਆਂ ਦੀ ਮਦਦ ਨਾਲ ਘਰੋਂ ਗਹਿਣੇ ਅਤੇ ਨਕਦੀ ਲੈ ਕੇ ਫ਼ਰਾਰ ਹੋ ਗਿਆ ਹੈ। ਉਸ ਨੂੰ ਇਹ ਸ਼ੱਕ ਉਦੋਂ ਹੋਇਆ ਜਦੋਂ ਉਸ ਦੇ ਨੌਕਰ ਨੇ ਉਸ ਦੇ ਖਾਣੇ ਵਿਚ ਕੋਈ ਨਸ਼ੀਲਾ ਪਦਾਰਥ ਮਿਲਾ ਦਿੱਤਾ ਅਤੇ ਉਸ ਦੇ ਪਰਿਵਾਰ ਦੇ ਹੋਰ ਮੈਂਬਰਾਂ ਸਮੇਤ ਉਸ ਦੀ ਪਤਨੀ ਦੀ ਹਾਲਤ ਵਿਗੜਣ ਲੱਗੀ। ਇਸ ਸਬੰਧੀ ਉਸ ਨੇ ਵੀਰਵਾਰ ਨੂੰ ਥਾਣਾ ਸਰਾਭਾ ਨਗਰ ਦੀ ਪੁਲਸ ਨੂੰ ਸੂਚਨਾ ਦਿੱਤੀ।
ਜਾਂਚ ਅਧਿਕਾਰੀ ਏਐਸਆਈ ਭੁਪਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 381, 328, 341 ਅਤੇ 34 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪਰਿਵਾਰ ਕੋਲ ਮੁਲਜ਼ਮ ਦੀ ਤਸਵੀਰ ਹੈ। ਪੁਲੀਸ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਈ ਟੀਮਾਂ ਬਣਾਈਆਂ ਹਨ। ਜਲਦੀ ਹੀ ਉਸ ਨੂੰ ਫੜ ਲਿਆ ਜਾਵੇਗਾ।