ਅੰਮ੍ਰਿਤਸਰ, 30 ਜੂਨ 2022 – ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਮੰਜੀ ਸਾਹਿਬ ਹਾਲ ਵਿੱਚ ਸੰਗਤ ਨੇ ਹੰਗਾਮਾ ਕੀਤਾ। ਦਰਅਸਲ ਮੰਜੀ ਸਾਹਿਬ ਅੰਦਰ ਲੱਗੇ ਪੱਖੇ ਅਤੇ ਏ.ਸੀ. ਸੇਵਾਦਾਰਾਂ ਨੇ ਬੰਦ ਕਰ ਦਿੱਤੇ। ਸੇਵਾਦਾਰਾਂ ਦੀ ਇਸ ਕਾਰਵਾਈ ਨੂੰ ਦੇਖ ਕੇ ਸੰਗਤਾਂ ਨੇ ਇਸ ਦਾ ਵਿਰੋਧ ਕੀਤਾ।
ਸੰਗਤ ਵੱਲੋਂ ਇਲਜ਼ਾਮ ਲਾਇਆ ਗਿਆ ਕਿ ਸੇਵਾਦਾਰ ਆਪਣੀ ਮਨਮਰਜ਼ੀ ਕਰਦੇ ਰਹਿੰਦੇ ਹਨ, ਸੰਗਤਾਂ ਦੇ ਦੁੱਖਾਂ ਵੱਲ ਵੀ ਧਿਆਨ ਨਹੀਂ ਦਿੰਦੇ। ਬਾਹਰ ਦਾ ਤਾਪਮਾਨ 42 ਡਿਗਰੀ ਦੇ ਨੇੜੇ ਪਹੁੰਚ ਗਿਆ ਹੈ। ਦੂਰੋਂ-ਦੂਰੋਂ ਆਈ ਸੰਗਤ ਹਾਲ ਵਿੱਚ ਕੁਝ ਸਮਾਂ ਆਰਾਮ ਕਰ ਰਹੀ ਹੈ ਤਾਂ ਉਨ੍ਹਾਂ ਨੂੰ ਬੈਠਣ ਨਹੀਂ ਦਿੱਤਾ ਜਾ ਰਿਹਾ। ਪੱਖੇ ਅਤੇ ਏ.ਸੀ ਬੰਦ ਕਰਕੇ ਸੰਗਤਾਂ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਸੰਗਤਾਂ ਦਾ ਕਹਿਣਾ ਹੈ ਕਿ ਹਰਿਮੰਦਰ ਸਾਹਿਬ ‘ਚ ਬਹੁਤ ਸੰਗਤ ਆਉਂਦੀ ਹੈ। ਜਦੋਂ ਸਰਾਂ ਵਿੱਚ ਕੋਈ ਥਾਂ ਨਹੀਂ ਹੁੰਦੀ ਤਾਂ ਸੰਗਤਾਂ ਹਾਲ ਵਿੱਚ ਸੌਂ ਜਾਂਦੀ ਹੈ, ਪਰ ਹੁਣ ਰਾਤ ਨੂੰ ਹਾਲ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਹਨ। ਕੁਝ ਦਿਨ ਪਹਿਲਾਂ ਵੀ ਸੰਗਤਾਂ ਨੂੰ ਮੀਂਹ ਵਿੱਚ ਭਿੱਜਣਾ ਪਿਆ ਸੀ। ਕਹਿਣ ‘ਤੇ ਵੀ ਸੇਵਾਦਾਰਾਂ ਨੇ ਮੰਜੀ ਸਾਹਿਬ ਹਾਲ ਦੇ ਦਰਵਾਜ਼ੇ ਨਹੀਂ ਖੋਲ੍ਹੇ।
ਸੰਗਤਾਂ ਦੇ ਹੰਗਾਮੇ ਤੋਂ ਬਾਅਦ ਜਦੋਂ ਸੇਵਾਦਾਰਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਹੁਕਮ ਉਪਰੋਂ ਆਏ ਹਨ। ਉਹ ਇਸ ਵਿੱਚ ਨਾ ਤਾਂ ਕੁਝ ਕਰ ਸਕਦੇ ਹਨ ਅਤੇ ਨਾ ਹੀ ਕੁਝ ਕਹਿ ਸਕਦੇ ਹਨ। ਇਸ ਦੇ ਨਾਲ ਹੀ ਹੰਗਾਮੇ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।