ਨਵਾਂਸ਼ਹਿਰ 7 ਫਰਵਰੀ 2023 – ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼ਹੀਦ ਭਗਤ ਸਿੰਘ ਨਗਰ ਕੰਵਲਜੀਤ ਸਿੰਘ ਬਾਜਵਾ ਦੀ ਅਦਾਲਤ ਨੇ ਸੋਮਵਾਰ ਨੂੰ 5 ਫਰਵਰੀ, 2021ਨੂੰ ਬਲਾਚੌਰ ਥਾਣਾ ਵਿਖੇ ਦਰਜ ਇੱਕ ਕਤਲ ਦੇ ਮਾਮਲੇ ਵਿੱਚ ਆਪਣੇ ਹੀ ਭਰਾ ਦਾ ਕਤਲ ਕਰਨ ਵਾਲੇ ਇੱਕ ਪ੍ਰਵਾਸੀ ਮਜ਼ਦੂਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਮੁਲਜ਼ਮ ਦੀ ਪਛਾਣ ਸ਼ਿਰੀਪਾਲ (31 ਸਾਲ) ਪੁੱਤਰ ਨੱਥੂ ਲਾਲ ਪੁੱਤਰ ਹੋਰੀ ਲਾਲ ਵਾਸੀ ਪਿੰਡ ਬਿਹਾਰੀਪੁਰ, ਡਾਕਖਾਨਾ ਖਜੂਰੀਆ, ਥਾਣਾ ਬਿਸੋਲੀ, ਜ਼ਿਲ੍ਹਾ ਬਦਾਯੂੰ (ਉੱਤਰ ਪ੍ਰਦੇਸ਼) ਹਾਲ ਵਾਸੀ ਪਿੰਡ ਸਿੰਬਲ ਮਜਾਰਾ,ਥਾਣਾ ਬਲਾਚੌਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਜੋਂ ਹੋਈ ਹੈ।
ਮਾਮਲੇ ਦੇ ਵੇਰਵਿਆਂ ਅਨੁਸਾਰ ਮਨਜੀਤ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਪਿੰਡ ਸਿੰਬਲ ਮਜਾਰਾ, ਥਾਣਾ ਬਲਾਚੌਰ ਦੀ ਸ਼ਿਕਾਇਤ ‘ਤੇ ਥਾਣਾ ਬਲਾਚੌਰ ਵਿਖੇ ਭਾਰਤੀ ਦੰਡਾਵਲੀ ਦੀ ਧਾਰਾ 302 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਦੋਵੇਂ, ਮੁਲਜ਼ਮ ਸ਼ਿਰੀਪਾਲ ਅਤੇ ਮ੍ਰਿਤਕ ਤਾਲਿਬਾਨ ਵਾਸੀ ਪਿੰਡ ਧਰਮਪੁਰ (ਉੱਤਰ ਪ੍ਰਦੇਸ਼) ਇੰਗਲੈਂਡ ਵਾਸੀ ਪਿਆਰਾ ਸਿੰਘ ਦੀ ਮੋਟਰ ਵਾਲੀ ਕੋਠੀ ‘ਤੇ ਇਕੱਠੇ ਰਹਿ ਰਹੇ ਸਨ ਅਤੇ ਉੱਥੇ ਹੀ ਉਸ ਵੱਲੋਂ 2021 ਦੀ 4 ਅਤੇ 5 ਫਰਵਰੀ ਦੀ ਵਿਚਕਾਰਲੀ ਰਾਤ ਨੂੰ ਤਾਲਿਬਾਨ ਦਾ ਕਤਲ ਕਰ ਦਿੱਤਾ ਗਿਆ।
ਤਾਲਿਬਾਨ ਦੇ ਸਿਰ ਅਤੇ ਖੱਬੀ ਅੱਖ ਦੇ ਨੇੜੇ ਸੱਟਾਂ ਲੱਗੀਆਂ ਹੋਈਆਂ ਸਨ ਅਤੇ ਜ਼ਮੀਨ ‘ਤੇ ਬਹੁਤ ਸਾਰਾ ਖੂਨ ਪਿਆ ਹੋਇਆ ਸੀ। ਉਹ ਮੁਲਜ਼ਮ ਸ਼ਿਰੀਪਾਲ ਦਾ ਸਕਾ ਭਰਾ ਵੀ ਸੀ। ਕਿਉਂ ਜੋ ਤਾਲਿਬਾਨ ਦਾ ਭਰਾ ਸ਼ਿਰੀਪਾਲ ਮੌਕੇ ‘ਤੇ ਮੌਜੂਦ ਨਹੀਂ ਸੀ, ਇਸ ਲਈ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਤਾਲਿਬਾਨ ਨੇ ਸ਼ਿਰੀਪਾਲ ਨੂੰ ਮਾਰਿਆ ਸੀ ਅਤੇ ਉਹ ਅਪਰਾਧ ਕਰਨ ਤੋਂ ਬਾਅਦ ਫਰਾਰ ਹੋ ਗਿਆ ਸੀ। ਦੋਵਾਂ ਭਰਾਵਾਂ ਵਿੱਚ ਪੈਸੇ ਦੀ ਵੰਡ ਨੂੰ ਲੈ ਕੇ ਝਗੜਾ ਹੋਇਆ ਦੱਸਿਆ ਗਿਆ ਸੀ। ਦੋਸ਼ੀ ਨੂੰ ਪੁਲਿਸ ਨੇ 05.02.2021 ਨੂੰ ਗ੍ਰਿਫਤਾਰ ਕੀਤਾ ਸੀ।
ਮੁਕੱਦਮੇ ਦੀ ਸੁਣਵਾਈ ਦੌਰਾਨ, ਸੈਸ਼ਨ ਜੱਜ ਦੇ ਸਾਹਮਣੇ ਕੇਸ ਦਾ ਫੈਸਲਾ ਕਰਨ ਲਈ ਹੇਠ ਲਿਖੇ ਨੁਕਤੇ ਉੱਠੇ; “ਕੀ 04/05.02.2021 ਦੀ ਰਾਤ ਨੂੰ ਪਿੰਡ ਚਣਕੋਆ, ਥਾਣਾ ਬਲਾਚੌਰ ਦੇ ਖੇਤਰ ਵਿੱਚ, ਦੋਸ਼ੀ ਸ਼ਿਰੀਪਾਲ ਨੇ ਨੱਥੂ ਲਾਲ ਦੇ ਪੁੱਤਰ ਤਾਲਿਬਾਨ ਜਾਣ ਬੁੱਝ ਕੇ ਹੱਤਿਆ ਕਰ ਦਿੱਤੀ ਸੀ ਅਤੇ ਇਸ ਤਰ੍ਹਾਂ ਇਹ ਜੁਰਮ ਧਾਰਾ 302 ਅਧੀਨ ਬਣਦਾ ਹੈ”?
ਸੋਮਵਾਰ ਨੂੰ, ਜ਼ਿਲ੍ਹਾ ਅਤੇ ਸੈਸ਼ਨ ਜੱਜ, ਕੰਵਲਜੀਤ ਸਿੰਘ ਬਾਜਵਾ ਨੇ ਸਜ਼ਾ ਸੁਣਾਉਂਦੇ ਹੋਏ ਕਿਹਾ, “ਉਸ ਦੁਆਰਾ ਕੀਤੇ ਗਏ ਅਪਰਾਧ ਦੀ ਗੰਭੀਰਤਾ ਅਤੇ ਪ੍ਰਕਿਰਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਦੋਸ਼ੀ ਸ਼ਿਰੀਪਾਲ ਕਿਸੇ ਵੀ ਨਰਮੀ ਦਾ ਹੱਕਦਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਨੂੰ “ਬਹੁਤ ਹੀ ਦੁਰਲੱਭ ਕੇਸ” ਦੀ ਸ਼੍ਰੇਣੀ ਵਿੱਚ ਆਉਣ ਵਾਲਾ ਕੇਸ ਨਾ ਸਮਝਦੇ ਹੋਏ ਮੌਤ ਦੀ ਸਜ਼ਾ ਦਾ ਭਾਗੀਦਾਰ ਨਾ ਮੰਨਦੇ ਹੋਏ, ਦੋਸ਼ੀ ਸ਼ਿਰੀ ਪਾਲ ਨੂੰ ਆਈ ਪੀ ਸੀ ਦੀ ਧਾਰਾ 302 ਦੇ ਤਹਿਤ 10,000 ਰੁਪਏ ਦੇ ਜੁਰਮਾਨੇ ਸਮੇਤ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ। ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ ਸ਼ਿਰੀ ਪਾਲ ਨੂੰ ਇੱਕ ਸਾਲ ਦੀ ਹੋਰ ਸਜ਼ਾ ਭੁਗਤਣੀ ਪਵੇਗੀ। ਸੈਸ਼ਨ ਜੱਜ ਨੇ ਇਹ ਵੀ ਸਪੱਸ਼ਟ ਕੀਤਾ ਕਿ ਜਾਂਚ/ਮੁਕੱਦਮੇ ਦੀ ਸੁਣਵਾਈ ਦੌਰਾਨ ਦੋਸ਼ੀ ਦੁਆਰਾ ਪਹਿਲਾਂ ਤੋਂ ਹੀ ਜੇਲ੍ਹ ਵਿੱਚ ਹੋਣ ਕਾਰਨ, ਇਹ ਸਮਾਂ ਵੀ ਉਸ ਦੁਆਰਾ ਦੁਆਰਾ ਕੱਟੀ ਜਾਣ ਸਜ਼ਾ ਦਾ ਹਿੱਸਾ ਮੰਨਿਆ ਜਾਵੇਗਾ, ਜਿਵੇਂ ਕਿ ਫੌਜਦਾਰੀ ਜਾਬਤਾ ਦੀ ਧਾਰਾ 428 ਦੇ ਤਹਿਤ ਉਪਬੰਧ ਹੈ।