ਨਵਾਂਸ਼ਹਿਰ, 11 ਫਰਵਰੀ, 2023: ਜ਼ਿਲ੍ਹਾ ਅਤੇ ਸੈਸ਼ਨ ਜੱਜ, ਸ਼ਹੀਦ ਭਗਤ ਸਿੰਘ ਨਗਰ, ਕੰਵਲਜੀਤ ਸਿੰਘ ਬਾਜਵਾ ਨੇ ਥਾਣਾ ਬੰਗਾ ਵਿਖੇ 2016 ’ਚ ਆਈ ਪੀ ਸੀ ਦੀ ਧਾਰਾ 302, 324, 506, 34 ਤਹਿਤ ਦਰਜ ਹੋਏ ਕਤਲ ਅਤੇ ਕੁੱਟਮਾਰ ਦੇ ਇੱਕ ਮਾਮਲੇ ’ਚ ਦੋਸ਼ੀ ਪਾਏ ਗਏ ਚਾਰ ਵਿਅਕਤੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ।
ਦੋਸ਼ੀਆਂ ’ਚ ਚਰਨਜੀਤ ਕੁਮਾਰ ਉਰਫ਼ ਬੱਗਾ ਪੁੱਤਰ ਹਰਭਜਨ ਲਾਲ ਉਮਰ ਕਰੀਬ 31 ਸਾਲ ਵਾਸੀ ਪਿੰਡ ਮਹਿਰਮਪੁਰ, ਰਜਿੰਦਰ ਸਿੰਘ ਪੁੱਤਰ ਸੋਹਣ ਲਾਲ ਉਮਰ ਕਰੀਬ 31 ਸਾਲ, ਪਿੰਡ ਮਹਿਰਮਪੁਰ, ਮਦਨ ਲਾਲ ਪੁੱਤਰ ਹਰਭਜਨ ਲਾਲ ਉਮਰ ਕਰੀਬ 29 ਸਾਲ, ਵਾਸੀ ਪਿੰਡ ਮਹਿਰਮਪੁਰ ਅਤੇ ਸੋਹਨ ਲਾਲ ਪੁੱਤਰ ਰਤਨ ਚੰਦ ਪੁੱਤਰ ਫੇਰੂ ਰਾਮ ਉਮਰ ਕਰੀਬ 55 ਸਾਲ, ਥਾਣਾ ਬੰਗਾ ਦੇ ਪਿੰਡ ਮਹਿਰਮਪੁਰ ਦੇ ਨਾਮ ਸ਼ਾਮਿਲ ਹਨ।
ਇਸਤਗਾਸਾ ਪੱਖ ਵੱਲੋਂ ਮੁਲਜ਼ਮਾਂ ਤੇ ਲਾਏ ਦੋਸ਼ਾਂ ਦੇ ਸਫ਼ਲਤਾਪੂਰਵਕ ਸਾਬਤ ਹੋਣ ਤੋਂ ਬਾਅਦ ਇਨ੍ਹਾਂ ਸਾਰਿਆਂ ਨੂੰ ਉਨ੍ਹਾਂ ਵਿਰੁੱਧ ਦਰਜ ਕੀਤੇ ਗਏ ਜੁਰਮਾਂ ਲਈ ਦੋਸ਼ੀ ਪਾਏ ਜਾਣ ਉਪਰੰਤ, ਜ਼ਿਲ੍ਹਾ ਅਤੇ ਸੈਸ਼ਨ ਜੱਜ, ਕੰਵਲਜੀਤ ਸਿੰਘ ਬਾਜਵਾ ਨੇ ਕਿਹਾ, “ਇਸ ਲਈ, ਇਹ ਪਾਇਆ ਜਾਂਦਾ ਹੈ ਕਿ ਦੋਸ਼ੀਆਂ ਨੇ ਇਰਾਦਤਨ ਸੁੱਚਾ ਰਾਮ ਅਤੇ ਕਮਲਜੀਤ ਕੁਮਾਰ ਨੂੰ ਡੂੰਘੀਆਂ ਸੱਟਾਂ ਮਾਰੀਆਂ। ਰਜਿੰਦਰ ਸਿੰਘ ਹੱਥੋਂ ਮਾਰੂ ਸੱਟਾਂ ਕਾਰਨ ਕਮਲਜੀਤ ਕੁਮਾਰ ਨੂੰ ਆਪਣੀ ਜਾਨ ਗੁਆਉਣੀ ਪਈ।
ਇਸ ਲਈ, ਮਿਸਲ ’ਤੇ ਮੌਜੂਦ ਸਬੂਤਾਂ ਦਾ ਸਾਵਧਾਨੀ ਨਾਲ ਮੁਲਾਂਕਣ ਕਰਨ ਅਤੇ ਦੋਵਾਂ ਧਿਰਾਂ ਦੁਆਰਾ ਪੇਸ਼ ਕੀਤੀਆਂ ਗਈਆਂ ਦਲੀਲਾਂ ਦੀ ਕਦਰ ਕਰਦੇ ਹੋਏ, ਕਾਨੂੰਨ ਦੇ ਇਸ ਮਾਪਦੰਡ ’ਤੇ, ਜੋ ਕਿ ਉੱਪਰ ਦੱਸੇ ਗਏ ਹਨ, ਇਹ ਅਦਾਲਤ ਇੱਕ ਅਟੱਲ ਸਿੱਟੇ ’ਤੇ ਪਹੁੰਚਦੀ ਹੈ ਕਿ ਇਸਤਗਾਸਾ ਪੱਖ ਸਾਰੇ ਦੋਸ਼ੀਆਂ ਖਿਲਾਫ਼ ਸਬੂਤਾਂ ਦੇ ਆਧਾਰ ’ਤੇ ਉਨ੍ਹਾਂ ਨੂੰ ਦੋਸ਼ੀ ਠਹਿਰਾਉਣ ਵਿੱਚ ਸਫ਼ਲ ਹੈ ਅਤੇ ਉਹ ਦੋਸ਼ੀ ਠਹਿਰਾਏ ਜਾਣ ਦੇ ਯੋਗ ਹਨ ਅਤੇ ਜਿਵੇਂ ਕਿ ਸਾਰੇ ਦੋਸ਼ੀ ਭਾਰਤੀ ਦੰਡ ਵਿਧਾਨ ਦੀ ਧਾਰਾ 302, 326 ਅਤੇ 324 (ਧਾਰਾ 34 ਦੇ ਨਾਲ ਪੜ੍ਹੀ ਜਾਵੇ) ਦੇ ਨਾਲ-ਨਾਲ ਭਾਰਤੀ ਦੰਡਾਵਲੀ ਦੀ ਧਾਰਾ 506 ਦੋਸ਼ੀ ਠਹਿਰਾਏ ਜਾਂਦੇ ਹਨ, ਜਦਕਿ, ਦੋਸ਼ੀ ਚਰਨਜੀਤ ਕੁਮਾਰ ਉਰਫ ਬੱਗਾ ਅਤੇ ਮਦਨ ਲਾਲ ਨੂੰ ਭਾਰਤੀ ਦੰਡਾਵਲੀ ਦੀ ਧਾਰਾ 323 ਤਹਿਤ ਵੀ ਦੋਸ਼ੀ ਠਹਿਰਾਇਆ ਗਿਆ ਹੈ। ਇਸ ਅਨੁਸਾਰ, ਸਾਰੇ ਨੁਕਤੇ ਮੁਕੱਦਮੇ ਦੇ ਪੱਖ ਵਿੱਚ ਅਤੇ ਮੁਲਜ਼ਮਾਂ ਦੇ ਵਿਰੁੱਧ ਤੈਅ ਕੀਤੇ ਜਾਂਦੇ ਹਨ।
ਇਨ੍ਹਾਂ ਦੋਸ਼ੀਆਂ ਨੂੰ ਸਜ਼ਾ ਸੁਣਾਉਂਦੇ ਹੋਏ, ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਕਿਹਾ, “ਮੈਂ ਦੋਸ਼ੀਆਂ ਦੁਆਰਾ ਲਈਆਂ ਗਈਆਂ ਦਲੀਲਾਂ ’ਤੇ ਵਿਚਾਰ ਕੀਤਾ ਹੈ ਅਤੇ ਰਿਕਾਰਡ ਨੂੰ ਘੋਖਿਆ ਹੈ। ਉਨ੍ਹਾਂ ਦੁਆਰਾ ਕੀਤੇ ਗਏ ਅਪਰਾਧ ਦੀ ਗੰਭੀਰਤਾ ਅਤੇ ਪ੍ਰਵਿਰਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਦੋਸ਼ੀ ਕਿਸੇ ਵੀ ਨਰਮੀ ਦੇ ਹੱਕਦਾਰ ਨਹੀਂ ਹਨ। ਧਿਆਨਦੇਣ ਯੋਗ ਹੈ ਕਿ ਸ਼ਿਕਾਇਤਕਰਤਾ ਦੀ ਮਠਿਆਈ ਦੀ ਦੁਕਾਨ ’ਤੇ ਸ਼ੁਰੂਆਤੀ ਤਕਰਾਰ ਤੋਂ ਬਾਅਦ ਮਾਮਲਾ ਰਫਾ-ਦਫਾ ਹੋ ਗਿਆ ਸੀ ਪਰ ਉਥੇ ਮੌਜੂਦ ਦੋਸ਼ੀਆਂ ਨੇ ਗੱਲ ਉਥੇ ਹੀ ਨਹੀਂ ਮੁੱਕਣ ਦਿੱਤੀ ਅਤੇ ਫਿਰ ਤੋਂ ਸਿਵਲ ਹਸਪਤਾਲ ਬੰਗਾ ’ਚ ਸ਼ਿਕਾਇਤਕਰਤਾ ਧਿਰ ’ਤੇ ਹਮਲਾ ਕਰ ਦਿੱਤਾ ਜਿੱਥੇੇ ਉਥੇ ਪੂਰੀ ਤਰ੍ਹਾਂ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਗਏ ਅਤੇ ਉਸੇ ਇਰਾਦੇ ਨਾਲ ਕਮਲਜੀਤ ਕੁਮਾਰ ਦਾ ਕਤਲ ਅਤੇ ਸ਼ਿਕਾਇਤਕਰਤਾ ਸੁੱਚਾ ਰਾਮ ਨੂੰ ਜ਼ਖਮੀ ਕਰ ਦਿੱਤਾ।
ਉਨ੍ਹਾਂ ਨੇ ਦੋਸ਼ੀ ਚਰਨਜੀਤ ਕੁਮਾਰ ਉਰਫ਼ ਬੱਗਾ ਨੂੰ ਭਾਰਤੀ ਦੰਡ ਵਿਧਾਨ ਦੀ ਧਾਰਾ 302 (ਧਾਰਾ 34 ਨਾਲ ਪੜ੍ਹੀ ਜਾਵੇ) ਤਹਿਤ ਉਮਰ ਕੈਦ ਦੀ ਸਜ਼ਾ ਸਮੇਤ 10,000 ਰੁਪਏ ਦੇ ਜੁਰਮਾਨੇ, 326 ਤਹਿਤ ਤਿੰਨ ਸਾਲ ਦੀ ਸਖ਼ਤ ਕੈਦ ਸਮਤੇ 2,000 ਰੁਪਏ ਦੇ ਜੁਰਮਾਨੇ, 324 (ਧਾਰਾ 34 ਨਾਲ ਪੜ੍ਹੀ ਜਾਵੇ) ਤਹਿਤ ਇੱਕ ਸਾਲ ਦੀ ਸਖ਼ਤ ਕੈਦ ਅਤੇ 1,000 ਰੁਪਏ ਦਾ ਜੁਰਮਾਨਾ ਅਤੇ ਆਈ ਪੀ ਸੀ ਦੀ ਧਾਰਾ 323 ਅਤੇ 506 ਤਹਿਤ ਛੇ-ਛੇ ਮਹੀਨੇ ਦੀ ਕੈਦ ਅਤੇ ਨਾਲ ਪੰਜ-ਪੰਜ ਸੌ ਦਾ ਜੁਰਮਾਨੇ ਦੀ ਸਜ਼ਾ ਸੁਣਾਈ।
ਮੁਕੱਦਮੇ ਦੇ ਦੂਸਰੇ ਦੋਸ਼ੀ ਰਜਿੰਦਰ ਸਿੰਘ ਨੂੰ ਆਈ.ਪੀ.ਸੀ. ਦੀ ਧਾਰਾ 302 (ਧਾਰਾ 34 ਦੇ ਨਾਲ ਪੜ੍ਹੀ ਜਾਵੇ) ਦੇ ਤਹਿਤ ਉਮਰ ਕੈਦ 10,000 ਰੁਪਏ ਜੁਰਮਾਨੇ ਦੇ ਨਾਲ, 326 ਦੇ ਤਹਿਤ ਤਿੰਨ ਸਾਲ ਦੀ ਸਖ਼ਤ ਕੈਦ 2,000 ਰੁਪਏ ਦੇ ਜੁਰਮਾਨੇ ਦੇ ਨਾਲ, 324 (ਧਾਰਾ 34 ਨਾਲ ਪੜ੍ਹੀ ਜਾਵੇ) ਦੇ ਤਹਿਤ ਇੱਕ ਸਾਲ ਦੀ ਸਖ਼ਤ ਕੈਦ 1,000 ਰੁਪਏ ਦੇ ਜੁਰਮਾਨੇ ਦੇ ਨਾਲ ਅਤੇ ਧਾਰਾ 506 ਦੇ ਤਹਿਤ ਛੇ ਮਹੀਨੇ ਦੀ ਸਜ਼ਾ 500 ਰੁਪਏ ਦੇ ਜੁਰਮਾਨੇ ਨਾਲ ਕੀਤੀ ਗਈ।
ਤੀਸਰੇ ਦੋਸ਼ੀ ਮਦਨ ਲਾਲ ਨੂੰ ਆਈ.ਪੀ.ਸੀ. ਦੀ ਧਾਰਾ 302 ਦੇ ਤਹਿਤ ਉਮਰ ਕੈਦ (ਧਾਰਾ 34 ਨਾਲ ਪੜ੍ਹੀ ਜਾਵੇ) ਤੇ 10,000 ਰੁਪਏ ਦਾ ਜੁਰਮਾਨਾ, ਧਾਰਾ 326 (ਧਾਰਾ 34 ਨਾਲ ਪੜ੍ਹੀ ਜਾਵੇ) ਦੇ ਤਹਿਤ 3 ਸਾਲ ਦੀ ਸਖ਼ਤ ਕੈਦ ਅਤੇ 2,000 ਰੁਪਏ ਜੁਰਮਾਨਾ, ਧਾਰਾ 324 (ਧਾਰਾ 34 ਨਾਲ ਪੜ੍ਹੀ ਜਾਵੇ) ਦੇ ਤਹਿਤ ਇੱਕ ਸਾਲ ਦੀ ਸਖ਼ਤ ਕੈਦ ਅਤੇ 1,000 ਰੁਪਏ ਜੁਰਮਾਨਾ, ਧਾਰਾ 323 ਤੇ 506 ਦੇ ਤਹਿਤ ਛੇ-ਛੇ ਮਹੀਨੇ ਦੀ ਕੈਦ ਪੰਜ-ਪੰਜ ਸੌ ਰੁਪਏ ਦੇ ਜੁਰਮਾਨੇ ਦੇ ਨਾਲ ਸੁਣਾਈ ਗਈ।
ਚੌਥੇ ਦੋਸ਼ੀ ਸੋਹਨ ਲਾਲ ਨੂੰ ਭਾਰਤੀ ਦੰਡ ਵਿਧਾਨ ਦੀ ਧਾਰਾ 302 (ਧਾਰਾ 34 ਨਾਲ ਪੜ੍ਹੀ ਜਾਵੇ) ਦੇ ਤਹਿਤ ਉਮਰ ਕੈਦ 10,000 ਰੁਪਏ ਜੁਰਮਾਨੇ ਦੇ ਨਾਲ, ਧਾਰਾ 326 (ਧਾਰਾ 34 ਨਾਲ ਪੜ੍ਹੀ ਜਾਵੇ) ਦੇ ਤਹਿਤ 3 ਸਾਲ ਦੀ ਸਖ਼ਤ ਕੈਦ ਅਤੇ 2,000 ਰੁਪਏ ਜੁਰਮਾਨਾ, ਧਾਰਾ 324 (ਧਾਰਾ 34 ਨਾਲ ਪੜ੍ਹੀ ਜਾਵੇ) ਦੇ ਤਹਿਤ ਇੱਕ ਸਾਲ ਦੀ ਸਖ਼ਤ ਕੈਦ ਤੇ 1,000 ਰੁਪਏ ਦਾ ਜੁਰਮਾਨਾ ਤੇ ਧਾਰਾ 506 ਦੇ ਤਹਿਤ 500 ਰੁਪਏ ਦੇ ਜੁਰਮਾਨੇ ਦੇ ਨਾਲ ਛੇ ਮਹੀਨੇ ਦੀ ਸਜ਼ਾ ਸੁਣਾਈ ਗਈ।
ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਸਪੱਸ਼ਟ ਕੀਤਾ ਕਿ ਸਬੰਧਤ ਦੋਸ਼ੀਆਂ ਨੂੰ ਸੁਣਾਈਆਂ ਗਈਆਂ ਸਾਰੀਆਂ ਠੋਸ ਸਜ਼ਾਵਾਂ ਨਾਲ-ਨਾਲ ਚੱਲਣਗੀਆਂ। ਜਾਂਚ/ਮੁਕੱਦਮੇ ਦੌਰਾਨ ਦੋਸ਼ੀਆਂ ਦੁਆਰਾ ਪਹਿਲਾਂ ਤੋਂ ਹੀ ਜੇਲ੍ਹ ’ਚ ਗੁਜ਼ਾਰੇ ਗਏ ਸਮੇਂ ਨੂੰ ਉਨ੍ਹਾਂ ਦੁਆਰਾ ਭੁਗਤੀਆਂ ਜਾਣ ਵਾਲੀਆਂ ਸਜ਼ਾਵਾਂ ’ਚੋਂ ਫੌਜਦਾਰੀ ਜ਼ਾਬਤਾ ਦੀ ਧਾਰਾ 428 ਦੇ ਤਹਿਤ ਕੀਤੇ ਉਪਬੰਧ ਮੁਤਾਬਕ ਘਟਾ ਦਿੱਤਾ ਜਾਵੇਗਾ।