- ਇਤਿਹਾਸਕ ਪਿੰਡ ਡੱਲਾ ਨੂੰ ਪੰਜਾਬ ਦਾ ਮਾਡਲ ਪਿੰਡ ਬਣਾਉਣਾ ਮੁੱਖ ਮਕਸਦ: ਸੰਤ ਸੀਚੇਵਾਲ
ਸੁਲਤਾਨਪੁਰ ਲੋਧੀ, 25 ਜੂਨ 2023 – ਵਾਤਾਵਰਣ ਪ੍ਰੇਮੀ ਤੇ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਗੋਦ ਲਏ ਇਤਿਹਾਸਕ ਪਿੰਡ ਡੱਲਾ ਨੂੰ ਪੰਜਾਬ ਦਾ ਮਾਡਲ ਪਿੰਡ ਬਣਾਉਣ ਲਈ ਡੱਲੇ ਦੇ ਦੋ ਪਿੰਡਾਂ ਕੀੜੀ ਅਤੇ ਉਗਰੂਪੁਰ ਵਿੱਚ ਸੀਵਰੇਜ਼ ਪਾਉਣ ਦਾ ਪ੍ਰੋਜੈਕਟ ਉਲੀਕਿਆ ਗਿਆ ਸੀ। ਜਿਸ ਤਹਿਤ ਅੱਜ ਕੀੜੀ ਪਿੰਡ ਵਿੱਚ ਸੀਵਰੇਜ਼ ਪਾਉਣ ਦੀ ਸ਼ੁਰੂਆਤ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਵਿੱਚ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਕੀਤੀ ਗਈ।
ਜਿਸਨੂੰ ਇਕ ਦਿਨ ਵਿਚ ਹੀ ਨੇਪਰੇ ਚਾੜਨ ਦਾ ਟੀਚਾ ਸੰਤ ਸੀਚੇਵਾਲ ਵੱਲੋਂ ਮਿੱਥਿਆ ਗਿਆ ਸੀ। ਜਿਸਨੂੰ ਕਿ ਸੰਤ ਸੀਚੇਵਾਲ ਵੱਲੋਂ ਲਗਾਈਆਂ ਗਈਆਂ 7 ਦੇ ਕਰੀਬ ਟੀਮਾਂ ਨੇ 10 ਮਸ਼ੀਨਾਂ ਦੀ ਸਹਾਇਤਾ ਨਾਲ ਇੱਕ ਦਿਨ ਵਿੱਚ ਹੀ ਪੂਰਾ ਕਰ ਲਿਆ ਗਿਆ। ਇਸ ਦੌਰਾਨ ਪਿੰਡ ਵਿੱਚ 400 ਦੇ ਕਰੀਬ ਪਾਇਪ ਪਾਏ ਗਏ ਅਤੇ ਹੋਦੀਆਂ ਤਿਆਰ ਕੀਤੀਆਂ ਗਈਆਂ। ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਸੰਤ ਸੀਚੇਵਾਲ ਵੱਲੋਂ ਪਿੰਡ ਭੰਡਾਲ ਦੋਨਾ ਤੇ ਪਿੰਡ ਜਲਾਲਪੁਰ ਵਿੱਚ ਇੱਕ ਦਿਨ ਵਿੱਚ ਸੀਵਰੇਜ਼ ਪਾ ਕੇ ਇਹ ਕਾਰਜ਼ ਸਫਲਤਾਪੂਰਵਕ ਕੀਤਾ ਜਾ ਚੁੱਕਾ ਹੈ।
ਇਸ ਮੌਕੇ ਪੂਰੇ ਪ੍ਰੋਜੈਕਟ ਦੀ ਨਿਗਰਾਨੀ ਕਰ ਰਹੇ ਸੰਤ ਸੁਖਜੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਿੰਡਾਂ ਵਿੱਚ ਸੀਵਰੇਜ਼ ਪਾਉਣ ਨੂੰ ਲੈ ਕੇ ਜੋ ਕਥਾਵਾਂ ਬਣੀਆਂ ਹੋਈਆਂ ਹਨ ਕਿ ਇਹ ਕਾਰਜ਼ ਬਹੁਤ ਔਖੇ ਤੇ ਖਰਚੀਲੇ ਹਨ। ਸੰਤ ਸੀਚੇਵਾਲ ਵੱਲੋਂ ਉਹਨਾਂ ਨੂੰ ਜਿੱਥੇ ਤੋੜਿਆ ਗਿਆ ਹੈ ਉੱਥੇ ਹੀ ਪਿੰਡਾਂ ਲਈ ਸਭ ਤੋਂ ਵੱਡੀ ਸਮੱਸਿਆ ਜਾਂ ਸਰਾਪ ਬਣੇ ਗੰਦੇ ਪਾਣੀਆਂ ਨੂੰ ਟਰੀਟ ਕਰਕੇ ਖੇਤੀ ਨੂੰ ਲਗਦਾ ਕਰਨ ਨਾਲ ਇਹੀ ਗੰਦੇ ਪਾਣੀਆਂ ਨੂੰ ਖੇਤੀ ਲਈ ਇਕ ਵਰਦਾਨ ਸਾਬਿਤ ਕੀਤਾ ਹੈ। ਉਹਨਾਂ ਦੱਸਿਆ ਕਿ ਸੰਤ ਸੀਚੇਵਾਲ ਵੱਲੋਂ 1999 ਦੇਸੀ ਤਰੀਕੇ ਨਾਲ ਤਿਆਰ ਕੀਤੇ ਗਏ ਸੀਚੇਵਾਲ ਮਾਡਲ ਨੂੰ ਹੁਣ ਤੱਕ ਪੰਜਾਬ ਦੇ 200 ਤੋਂ ਵੱਧ ਪਿੰਡਾਂ ਵਿੱਚ ਪਾਇਆ ਜਾ ਚੁੱਕਾ ਹੈ ਜੋ ਕਿ ਸਫਲਤਾਪੂਰਵਕ ਚੱਲ ਰਹੇ ਹਨ ਤੇ ਦੇਸ਼ ਦੀ ਸਭ ਤੋਂ ਵੱਡੀ ਨਦੀ ਗੰਗਾ ਨੂੰ ਸਾਫ ਕਰਨ ਲਈ ਵੀ ਭਾਰਤ ਸਰਕਾਰ ਵੱਲੋਂ ਇਸੇ ਮਾਡਲ ਨੂੰ ਅਪਣਾਇਆ ਗਿਆ ਹੈ।
ਇਸ ਮੌਕੇ ਪੰਜਾਬ ਸੀਵਰੇਜ਼ ਬੋਰਡ ਦੇ ਚੇਅਰਮੈਨ ਡਾ. ਸੰਨੀ ਆਹਲੂਵਾਲੀਆ ਵੀ ਉਚੇਚੇ ਤੌਰ ਸੀਵਰੇਜ਼ ਬੋਰਡ ਦੇ ਨਿਗਰਾਨ ਇੰਜੀਅਨਰ, ਐਕਸੀਅਨ ਅਤੇ ਐਸ.ਡੀ.ਓ ਪਹੁੰਚੇ। ਸੰਤ ਸੀਚੇਵਾਲ ਨੇ ਸੀਵਰੇਜ਼ ਬੋਰਡ ਦੇ ਚੇਅਰਮੈਨ ਨੂੰ ਸੀਚੇਵਾਲ ਮਾਡਲ ਦੀਆਂ ਖੂਬੀਆਂ ਦੱਸਦਿਆਂ ਕਿਹਾ ਕਿ ਇਸ ਮਾਡਲ ਨਾਲ ਪਿੰਡਾਂ ਦਾ ਬਹੁੁਪੱਖੀ ਵਿਕਾਸ ਹੋਣ ਦਾ ਪੂਰੇ ਦੇਸ਼ ਵਿੱਚ ਮੁੱਢ ਬੰਨ੍ਹਿਆਂ ਹੈ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਨ 1999 ਵਿੱਚ ਪਹਿਲੀ ਵਾਰ ਸਥਾਪਿਤ ਕੀਤੇ ਸੀਚੇਵਾਲ ਮਾਡਲ ਵਿੱਚ ਕੀਤੇ ਗਏ ਸੁਧਾਰਾਂ ਦਾ ਜ਼ਿਕਰ ਕਰਦਿਆ ਕਿਹਾ ਕਿ ਇਹ ਮਾਡਲ ਨੇ ਕਦੇ ਵੀ ਦਾਇਰੇ ਵਿੱਚ ਬੰਨਿਆ ਨਹੀ ਜਾ ਸਕਦਾ।
ਉਹਨਾਂ ਦੱਸਿਆ ਕਿ ਇਸਨੂੰ ਸਮੇਂ ਮੁਤਾਬਿਕ ਅਪਰਗੇਰਡ ਕੀਤਾ ਗਿਆ ਹੈ ਜਿਸ ਤਹਿਤ ਤਲਵੰਡੀ ਮਾਧੋ ਪਿੰਡ ਵਿੱਚ ਸੀਚੇਵਾਲ ਮਾਡਲ 2 ਤੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸੀਚੇਵਾਲ ਮਾਡਲ 3 ਤਿਆਰ ਕੀਤਾ ਜਾ ਚੁੱਕਾ ਹੈ। ਉਹਨਾਂ ਦੱਸਿਆ ਕਿ ਇਸੇ ਮਾਡਲ ਤਹਿਤ ਡੱਲਾ ਵਰਗੇ ਇਤਿਹਾਸਿਕ ਪਿੰਡ ਦੇ ਨਾਲ ਲਗਦੇ ਪਿੰਡ ਕੀੜੀ ਤੇ ਉਗਰੂਪੁਰ ਦਾ ਸਾਂਝਾ ਟਰੀਟਮੈਂਟ ਪਲਾਂਟ ਬਣਾਇਆ ਜਾ ਰਿਹਾ ਹੈ। ਇਸ ਪਾਣੀ ਨੂੰ ਸਾਈਕਲੋਨ ਵਿਧੀ ਰਾਹੀ ਤਿੰਨ ਖੂਹਾਂ ਵਿੱਚ ਘੁੰਮਾਉਣ ਤੋਂ ਬਾਅਦ ਖਾਸ ਡਿਜ਼ਾਇਨ ਕੀਤੇ ਗਏ ਛੱਪੜ ਵਿੱਚ ਆ ਜਾਂਦਾ ਹੈ ਜਿਸਤੋਂ ਬਾਅਦ ਇਹ ਖੇਤੀ ਲਈ ਵਰਤਿਆ ਜਾਂਦਾ ਹੈ।
ਇਸ ਮੌਕੇ ਸੰਤ ਅਮਰੀਕ ਸਿੰਘ ਜੀ ਖੁਖਰੈਣ ਸਾਹਿਬ, ਸੰਤ ਜਸਪਾਲ ਸਿੰਘ ਟਿੱਬਾ ਸਾਹਿਬ, ਡੱਲਾ ਸਾਹਿਬ ਦੇ ਸਰਪੰਚ ਸੁਖਚੈਨ ਸਿੰਘ, ਉਗਰੂਪੁਰ ਦੇ ਸਰਪੰਚ ਤਰਸੇਮ ਸਿੰਘ, ਸੁਰਜੀਤ ਸਿੰਘ ਸ਼ੰਟੀ, ਸਰਪੰਚ ਤਜਿੰਦਰ ਸਿੰਘ ਸੀਚੇਵਾਲ, ਜੋਗਾ ਸਿੰਘ ਸਰਪੰਚ ਚੱਕ ਚੇਲਾ, ਸਰਪੰਚ ਤੀਰਥ ਸਿੰਘ ਸ਼ੇਰਪੁਰ, ਸਤਨਾਮ ਸਿੰਘ, ਸੁਖਜੀਤ ਸਿੰਘ, ਅਮਰੀਕ ਸਿੰਘ, ਜਗਜੀਤ ਸਿੰਘ, ਪਰਮਜੀਤ ਸਿੰਘ, ਗੁਰਦੀਪ ਸਿੰਘ ਤੇ ਹੋਰ ਸੇਵਾਦਾਰ ਅਤੇ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।