ਲੁਧਿਆਣਾ, 29 ਨਵੰਬਰ 2023 – ਲੁਧਿਆਣਾ ਤੋਂ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਹਰ ਰੋਜ਼ ਸੀਵਰੇਜ ਜਾਮ ਦੀ ਸਮੱਸਿਆ ਤੋਂ ਲੋਕ ਪ੍ਰੇਸ਼ਾਨ ਹਨ। ਜਦੋਂ ਸਫ਼ਾਈ ਕਰਮਚਾਰੀਆਂ ਨੇ ਸੀਵਰੇਜ ਦੇ ਢੱਕਣ ਨੂੰ ਖੋਲ੍ਹ ਕੇ ਸਾਫ਼ ਕੀਤਾ ਤਾਂ ਪਤਾ ਲੱਗਾ ਕਿ ਗਟਰ ਵਿੱਚ ਸੈਂਕੜੇ ਕੰਡੋਮ ਸੁੱਟੇ ਹੋਏ ਸਨ। ਸੀਵਰੇਜ ਵਿੱਚ ਵੱਡੀ ਗਿਣਤੀ ਵਿੱਚ ਕੰਡੋਮ ਸੁੱਟੇ ਜਾਣ ਕਾਰਨ ਸੀਵਰੇਜ ਦੀਆਂ ਲਾਈਨਾਂ ਵੀ ਬੰਦ ਹੋ ਗਈਆਂ ਸਨ।
ਵਾਰਡ ਨੰਬਰ 20 ਸੰਜੇ ਗਾਂਧੀ ਕਲੋਨੀ ਦੇ ਲੋਕਾਂ ਨੇ ਪੀਜੀ ਵਿੱਚ ਰਹਿਣ ਵਾਲੇ ਨੌਜਵਾਨ ’ਤੇ ਗੰਭੀਰ ਦੋਸ਼ ਲਾਏ। ਲੋਕਾਂ ਦਾ ਕਹਿਣਾ ਹੈ ਕਿ ਨੌਜਵਾਨ ਲੜਕੀਆਂ ਹਰ ਰੋਜ਼ ਪੀ.ਜੀ. ‘ਚ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ। ਸਾਰਾ ਦਿਨ ਜਿਸਮਫਰੋਸ਼ੀ ਦਾ ਕੰਮ ਚਲਦਾ ਹੈ। ਇਸ ਸਬੰਧੀ ਕਈ ਵਾਰ ਥਾਣਾ ਡਿਵੀਜ਼ਨ ਨੰਬਰ 7 ਨੂੰ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਪਰ ਪੁਲੀਸ ਮੁਲਾਜ਼ਮ ਗੇੜੇ ਮਾਰ ਕੇ ਚਲੇ ਜਾਂਦੇ ਹਨ। ਅੱਜ ਜਦੋਂ ਮੁਹੱਲੇ ਦਾ ਸੀਵਰੇਜ ਜਾਮ ਹੋ ਗਿਆ ਤਾਂ ਗਟਰ ਖੋਲ੍ਹਣ ’ਤੇ ਸਫ਼ਾਈ ਕਰਮਚਾਰੀ ਹੱਕੇ-ਬੱਕੇ ਰਹਿ ਗਏ।
ਜਾਣਕਾਰੀ ਦਿੰਦਿਆਂ ਗੁਰਮੇਲ ਨੇ ਦੱਸਿਆ ਕਿ ਇਲਾਕੇ ਵਿੱਚ ਗੰਦੇ ਕੰਮ ਚੱਲ ਰਹੇ ਹਨ। ਅੱਜ ਹਾਲਾਤ ਇਹ ਬਣ ਗਏ ਹਨ ਕਿ ਸੀਵਰੇਜ ਕੰਡੋਮ ਨਾਲ ਭਰ ਗਿਆ ਹੈ। ਇਲਾਕੇ ਵਿੱਚ ਲੋਕ ਬੱਚਿਆਂ ਨੂੰ ਘਰੋਂ ਬਾਹਰ ਵੀ ਨਹੀਂ ਜਾਣ ਦਿੰਦੇ ਕਿਉਂਕਿ ਦੇਹ ਵਪਾਰ ਦਾ ਧੰਦਾ ਸ਼ਰੇਆਮ ਹੋ ਰਿਹਾ ਹੈ। ਇਲਾਕੇ ਦੀ ਇੱਕ ਔਰਤ ਨੇ ਪੁਲੀਸ ’ਤੇ ਮਿਲੀਭੁਗਤ ਦਾ ਦੋਸ਼ ਲਾਇਆ ਹੈ।
ਔਰਤ ਅਨੁਸਾਰ ਇਲਾਕੇ ਦੇ ਪੀਜੀ ਵਿੱਚ ਰਹਿਣ ਵਾਲੇ ਲੜਕੇ ਦੇਰ ਰਾਤ ਤੱਕ ਹੰਗਾਮਾ ਕਰਦੇ ਰਹਿੰਦੇ ਹਨ। ਪੀਜੀ ਮਾਲਕ ਨੇ ਦੱਸਿਆ ਕਿ ਉਸ ਨੇ ਇਹ ਜਗ੍ਹਾ ਕਿਰਾਏ ’ਤੇ ਦਿੱਤੀ ਹੈ। ਜੇਕਰ ਕੋਈ ਗਲਤ ਕੰਮ ਹੋ ਰਿਹਾ ਹੈ ਤਾਂ ਤੁਰੰਤ ਪੀ.ਜੀ. ਨੂੰ ਖਾਲੀ ਕਰਵਾਇਆ ਜਾਵੇਗਾ। ਸਮਾਜ ਸੇਵੀ ਕਮਲ ਨੇ ਕਿਹਾ ਕਿ ਜੇਕਰ ਇਲਾਕੇ ਵਿੱਚ ਦੇਹ ਵਪਾਰ ਵਰਗਾ ਗੰਦਾ ਕੰਮ ਹੋ ਰਿਹਾ ਹੈ ਤਾਂ ਪੁਲਿਸ ਨੂੰ ਇਸ ਨੂੰ ਤੁਰੰਤ ਬੰਦ ਕਰਵਾਉਣਾ ਚਾਹੀਦਾ ਹੈ।