ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੰਗਲੈਂਡ ਵਿੱਚ ਖੋਲ੍ਹਿਆ ਤਾਲਮੇਲ ਕੇਂਦਰ

  • ਯੂਕੇ ਸਮੇਤ ਪੂਰੇ ਯੂਰਪ ਦੀਆਂ ਸੰਗਤਾਂ ਲਈ ਮਹੱਤਵਪੂਰਣ ਸਾਬਤ ਹੋਵੇਗਾ ਤਾਲਮੇਲ ਕੇਂਦਰ- ਐਡਵੋਕੇਟ ਧਾਮੀ

ਅੰਮ੍ਰਿਤਸਰ, 30 ਸਤੰਬਰ 2025 – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸੰਗਤਾਂ ਦੀ ਮੰਗ, ਲੋੜਾਂ ਅਤੇ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਇੰਗਲੈਂਡ ਦੇ ਬਰਮਿੰਘਮ ਵਿਖੇ ਤਾਲਮੇਲ ਕੇਂਦਰ ਦੀ ਸਥਾਪਨਾ ਕੀਤੀ ਗਈ ਹੈ। ਇਸ ਕੇਂਦਰ ਦੀ ਸਥਾਪਨਾ ਸ਼੍ਰੋਮਣੀ ਕਮੇਟੀ ਦੇ ਮੁੰਬਈ ਤੋਂ ਮੈਂਬਰ ਗੁਰਿੰਦਰ ਸਿੰਘ ਬਾਵਾ ਅਤੇ ਅੰਤ੍ਰਿੰਗ ਕਮੇਟੀ ਮੈਂਬਰ ਬੀਬੀ ਹਰਜਿੰਦਰ ਕੌਰ ਵੱਲੋਂ ਕੀਤੇ ਯਤਨਾਂ ਅਤੇ ਖਾਲਸਾ ਪੰਥ ਅਕੈਡਮੀ ਬਰਮਿੰਘਮ ਦੇ ਸਹਿਯੋਗ ਨਾਲ ਸੰਭਵ ਹੋਈ ਹੈ।

ਇਸ ਦਾ ਉਦਘਾਟਨੀ ਸਮਾਗਮ ਬੀਤੇ ਕੱਲ੍ਹ ਪੰਥਕ ਰਵਾਇਤਾਂ ਨਾਲ ਹੋਇਆ, ਜਿਸ ਵਿਚ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਦੇ ਮੁਖੀ ਭਾਈ ਮਹਿੰਦਰ ਸਿੰਘ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਅੰਤ੍ਰਿੰਗ ਕਮੇਟੀ ਮੈਂਬਰ ਬੀਬੀ ਹਰਜਿੰਦਰ ਕੌਰ, ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਜੋਧ ਸਿੰਘ ਸਮਰਾ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਿੱਜੀ ਸਕੱਤਰ ਸ਼ਾਹਬਾਜ਼ ਸਿੰਘ, ਬੀਬੀ ਪਰਮਜੀਤ ਕੌਰ ਗੁਰੂ ਅੰਗਦ ਦੇਵ ਜੀ ਨਿਵਾਸ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਵੀ ਆਨਲਾਈਨ ਮੌਜੂਦਗੀ ਰਹੀ।

ਸ਼੍ਰੋਮਣੀ ਕਮੇਟੀ ਦਫਤਰ ਤੋਂ ਪ੍ਰੈੱਸ ਨੂੰ ਜਾਰੀ ਕੀਤੀ ਗਈ ਜਾਣਕਾਰੀ ਵਿਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਇਹ ਕੇਂਦਰ ਵਿਦੇਸ਼ ਵਿੱਚ ਰਹਿੰਦੀ ਸਿੱਖ ਸੰਗਤ ਦੀ ਮੰਗ ਉਤੇ ਖੋਲ੍ਹਿਆ ਗਿਆ ਹੈ। ਇਹ ਯੂਕੇ ਦੇ ਨਾਲ ਨਾਲ ਪੂਰੇ ਯੂਰਪ ਦੀਆਂ ਸੰਗਤਾਂ ਲਈ ਬਹੁਤ ਹੀ ਮਹੱਤਵਪੂਰਣ ਸਾਬਤ ਹੋਵੇਗਾ। ਇਸ ਕੇਂਦਰ ਰਾਹੀਂ ਸੰਗਤਾਂ ਤਖ਼ਤ ਸਾਹਿਬਾਨ ਅਤੇ ਪੰਥ ਦੀਆਂ ਪ੍ਰਮੁੱਖ ਸੰਸਥਾਵਾਂ ਨਾਲ ਜੁੜਨਗੀਆਂ। ਉਨ੍ਹਾਂ ਦੱਸਿਆ ਕਿ ਯੂਰਪ ਅਤੇ ਇੰਗਲੈਂਡ ਦੀਆਂ ਸੰਗਤਾਂ ਜਦੋਂ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਪੰਜਾਬ ਆਉਣਗੀਆਂ, ਤਾਂ ਇਸ ਤਾਲਮੇਲ ਕੇਂਦਰ ਰਾਹੀਂ ਉਨ੍ਹਾਂ ਲਈ ਰਿਹਾਇਸ਼, ਯਾਤਰਾ ਤੇ ਹੋਰ ਲੋੜੀਂਦੇ ਪ੍ਰਬੰਧ ਸ਼੍ਰੋਮਣੀ ਕਮੇਟੀ ਵੱਲੋਂ ਯਕੀਨੀ ਬਣਾਏ ਜਾਣਗੇ। ਇਸ ਨਾਲ ਸੰਗਤਾਂ ਨੂੰ ਦਰਸ਼ਨਾਂ ਅਤੇ ਸੇਵਾ ਸਮੇਂ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਤਾਲਮੇਲ ਕੇਂਦਰ ਦੀ ਸੰਚਾਲਨ ਸੇਵਾ ਗੁਰਿੰਦਰ ਸਿੰਘ ਬਾਵਾ ਨੂੰ ਸੌਂਪੀ ਗਈ ਹੈ, ਜੋ ਕਿ ਸ਼੍ਰੋਮਣੀ ਕਮੇਟੀ ਮੈਂਬਰ ਹੋਣ ਦੇ ਨਾਲ ਨਾਲ ਤਖਤ ਸ੍ਰੀ ਹਜ਼ੂਰ ਸਾਹਿਬ ਅਤੇ ਤਖਤ ਸ੍ਰੀ ਪਟਨਾ ਸਾਹਿਬ ਬੋਰਡ ਦੇ ਵੀ ਮੈਂਬਰ ਹਨ। ਬਾਵਾ ਦੇ ਵਿਸ਼ੇਸ਼ ਉਪਰਾਲੇ ਅਤੇ ਸਮਰਪਣ ਦੇ ਸਦਕਾ ਹੀ ਭਾਰਤ ਤੋਂ ਬਾਹਰ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਵੱਲੋਂ ਤਾਲਮੇਲ ਕੇਂਦਰ ਖੋਲ੍ਹਿਆ ਗਿਆ ਹੈ। ਐਡਵੋਕੇਟ ਧਾਮੀ ਨੇ ਬਾਵਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਉਪਰਾਲੇ ਨਾਲ ਵਿਦੇਸ਼ਾਂ ਵਿੱਚ ਵੱਸਦੀਆਂ ਸੰਗਤਾਂ ਨੂੰ ਬਹੁਤ ਲਾਭ ਹੋਵੇਗਾ।

ਸ਼੍ਰੋਮਣੀ ਕਮੇਟੀ ਵੱਲੋਂ ਆਰੰਭ ਕੀਤੇ ਇਸ ਕਾਰਜ ਵਿਚ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਆਸਟਰੀਆ, ਗੁਰਦੁਆਰਾ ਗੁਰੂ ਨਾਨਕ ਦਰਬਾਰ ਲੰਡਨ, ਖਾਲਸਾ ਦੀਵਾਨ ਸੁਸਾਇਟੀ ਲੰਡਨ, ਗੁਰੂ ਹਰਿਗੋਬਿੰਦ ਸਾਹਿਬ ਸੇਵਾ ਟਰੱਸਟ, ਗੁਰਦੁਆਰਾ ਗੁਰੂ ਅਮਰਦਾਸ ਜੀ, ਗੁਰਦੁਆਰਾ ਗੁਰੂ ਨਾਨਕ ਦਰਬਾਰ ਬੈਲਜ਼ੀਅਮ, ਗੁਰਦੁਆਰਾ ਗੁਰੂ ਹਰਿਰਾਇ ਸਾਹਿਬ ਕਿੰਗਸਟਨ, ਨਿਹਕਾਮੀ ਸੇਵਾ ਟਰੱਸਟ ਯੂਕੇ ਸਮੇਤ ਮੈਨ ਚੈਸਟਰ ਲੰਡਨ, ਲੈਸਟਰ, ਬੈਲਜ਼ੀਅਮ, ਜਰਮਨੀ ਅਤੇ ਹਾਲੈਂਡ, ਇਟਲੀ ਦੀਆਂ ਸੰਗਤਾਂ ਵੱਲੋਂ ਭਰਵਾਂ ਸਹਿਯੋਗ ਕੀਤਾ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪਾਕਿਸਤਾਨ ਦੇ ਕਵੇਟਾ ਵਿੱਚ ਫੌਜੀ ਅੱਡੇ ‘ਤੇ ਆਤਮਘਾਤੀ ਹਮਲਾ, ਫੇਰ ਗੋਲੀਬਾਰੀ ਹੋਈ, 10 ਦੀ ਮੌਤ, 32 ਜ਼ਖਮੀ

ਕੀ ਨਕਵੀ ਦੇ ਹੱਥੋਂ ਟਰਾਫ਼ੀ ਨਾ ਲੈਣ ਮਗਰੋਂ ਹੁਣ ਟੀਮ ਇੰਡੀਆ ਨੂੰ ਏਸ਼ੀਆ ‘ਕੱਪ’ ਦੀ ਟਰਾਫ਼ੀ ਮਿਲੇਗੀ ਜਾਂ ਨਹੀ ?