ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੀਆਂ ਟਵਿੱਟਰ ਪੋਸਟਾਂ ਬੈਨ ਕਰਨ ਦੀ SGPC ਪ੍ਰਧਾਨ ਵੱਲੋਂ ਨਿਖੇਧੀ

  • ਜਥੇਦਾਰ ਸਾਹਿਬ ’ਤੇ ਕੀਤੀ ਟਿੱਪਣੀ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੰਗੇ ਮੁਆਫ਼ੀ- ਐਡਵੋਕੇਟ ਧਾਮੀ
  • ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਦੌਰਾਨ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ 88 ਲੱਖ ਦੇ ਵਜੀਫੇ ਤਕਸੀਮ

ਅੰਮ੍ਰਿਤਸਰ, 29 ਮਾਰਚ 2023 – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੀਆਂ ਟਵਿੱਟਰ ਪੋਸਟਾਂ ਨੂੰ ਭਾਰਤ ਅੰਦਰ ਬੈਨ ਕਰਨ ਦੀ ਕਰੜੀ ਨਿਖੇਧੀ ਕਰਦਿਆਂ ਸਰਕਾਰਾਂ ਨੂੰ ਜਾਬਤੇ ਅੰਦਰ ਰਹਿਣ ਲਈ ਕਿਹਾ ਹੈ। ਗੁਰਦੁਆਰਾ ਸ੍ਰੀ ਸੁਖਚੈਨਆਣਾ ਸਾਹਿਬ ਫਗਵਾੜਾ ਵਿਖੇ ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਮਗਰੋਂ ਗੱਲਬਾਤ ਕਰਦਿਆਂ ਐਡਵੋਕੇਟ ਧਾਮੀ ਨੇ ਆਖਿਆ ਕਿ ਸੋਸ਼ਲ ਮੀਡੀਆ ’ਤੇ ਸਿੱਖਾਂ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ ਅਤੇ ਦੁੱਖ ਦੀ ਗੱਲ ਹੈ ਕਿ ਇਸ ਵਰਤਾਰੇ ਵਿਰੁੱਧ ਸਿੱਖ ਕੌਮ ਵੱਲੋਂ ਉਠਾਈ ਜਾ ਰਹੀ ਅਵਾਜ਼ ਨੂੰ ਸਰਕਾਰਾਂ ਦਬਾਅ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਸ਼੍ਰੋਮਣੀ ਕਮੇਟੀ ਦਾ ਇਕ ਟਵਿੱਟਰ ਪੋਸਟ ਭਾਰਤ ਸਰਕਾਰ ਵੱਲੋਂ ਦੇਸ਼ ਅੰਦਰ ਬੈਨ ਕੀਤਾ ਗਿਆ ਅਤੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਇਕ ਟਵੀਟ ਨਿਸ਼ਾਨੇ ’ਤੇ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਰਲ ਕੇ ਖੇਡੀ ਜਾ ਰਹੀ ਇਸ ਖੇਡ ਨੂੰ ਤੁਰੰਤ ਬੰਦ ਕਰਨ।

ਐਡਵੋਕੇਟ ਧਾਮੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਾਰੇ ਇਕ ਟਵੀਟ ਰਾਹੀਂ ਕੀਤੀ ਟਿੱਪਣੀ ਦੀ ਵੀ ਕਰੜੀ ਆਲੋਚਨਾ ਕੀਤੀ। ਉਨ੍ਹਾਂ ਆਖਿਆ ਕਿ ਸ. ਭਗਵੰਤ ਸਿੰਘ ਮਾਨ ਵੱਲੋਂ ਜਥੇਦਾਰ ਸਾਹਿਬ ’ਤੇ ਕੀਤਾ ਗਿਆ ਵਿਅੰਗ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਯਾਦਾ ਅਤੇ ਸਿੱਖ ਕੌਮ ਨੂੰ ਸਿੱਧੀ ਚੁਣੌਤੀ ਹੈ। ਉਹ ਇਸ ਅਵੱਗਿਆ ਲਈ ਸਿੱਖ ਕੌਮ ਤੋਂ ਤੁਰੰਤ ਮੁਆਫ਼ੀ ਮੰਗਣ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਦਾ ਅਟੱਲ ਹਨ ਅਤੇ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ। ਮੁੱਖ ਮੰਤਰੀ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਇਕ ਇਮਾਰਤ ਦਾ ਨਾਂ ਨਹੀਂ, ਸਗੋਂ ਇਹ ਛੇਵੇਂ ਪਾਤਸ਼ਾਹ ਵੱਲੋਂ ਇਕ ਸਿਧਾਂਤ ਅਤੇ ਸੋਚ ਦੀ ਰੌਸ਼ਨੀ ਵਿਚ ਸਿਰਜਿਆ ਸੱਚਾ ਤਖ਼ਤ ਹੈ।

ਇਸ ਨੂੰ ਝੁਕਾਉਣ ਲਈ ਮੁਗਲਾਂ, ਅੰਗਰੇਜ਼ਾਂ ਅਤੇ ਸਮੇਂ-ਸਮੇਂ ਸਰਕਾਰਾਂ ਨੇ ਜੋਰ ਲਗਾਇਆ, ਪਰ ਗੁਰੂ ਬਖ਼ਸ਼ੇ ਇਸ ਸਿਧਾਂਤ ਅੱਗੇ ਉਨ੍ਹਾਂ ਨੂੰ ਮੂੰਹ ਦੀ ਖਾਣੀ ਪਈ। ਅੱਜ ਦੀਆਂ ਸਰਕਾਰਾਂ ਵੀ ਅਜਿਹੀ ਹੀ ਵੱਡੀ ਭੁੱਲ ਕਰ ਰਹੀਆਂ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦੇ ਸਰਵਉੱਚ ਅਸਥਾਨ ਹਨ ਅਤੇ ਇਥੇ ਕਿਸੇ ਵੀ ਕੌਮੀ ਮਸਲੇ ਨੂੰ ਵਿਚਾਰਨ ਲਈ ਸਿੱਖ ਪੰਥ ਇਕੱਠਾ ਹੁੰਦਾ ਹੈ। ਸਰਕਾਰਾਂ ਵੱਲੋਂ ਇਸ ਪੰਥਕ ਰਵਾਇਤ ਵਿਰੁੱਧ ਅਪਣਾਏ ਜਾ ਰਹੇ ਹੱਥਕੰਡੇ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ।

ਇਸ ਤੋਂ ਪਹਿਲਾਂ ਹੋਈ ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ’ਚ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਅਹਿਮ ਫੈਸਲੇ ਲਏ ਗਏ। ਇਸ ਦੌਰਾਨ ਦੁਆਬਾ ਜੋਨ ਦੇ 1397 ਅੰਮ੍ਰਿਤਧਾਰੀ ਗੁਰਸਿੱਖ ਵਿਦਿਆਰਥੀਆਂ ਨੂੰ 88 ਲੱਖ 90 ਹਜ਼ਾਰ ਰੁਪਏ ਦੇ ਵਜੀਫੇ ਵੰਡੇ ਗਏ। ਐਡਵੋਕੇਟ ਧਾਮੀ ਅਨੁਸਾਰ ਇਸ ਤੋਂ ਪਹਿਲਾਂ ਮਾਝਾ ਜੋਨ ਅੰਦਰ 1 ਕਰੋੜ 13 ਲੱਖ ਰੁਪਏ ਦੀ ਵਜੀਫਾ ਰਾਸ਼ੀ ਵੰਡੀ ਜਾ ਚੁੱਕੀ ਹੈ ਅਤੇ ਜਲਦ ਦੀ ਮਾਲਵਾ ਜੋਨ ਦੇ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਵਜੀਫੇ ਤਕਸੀਮ ਕੀਤੇ ਜਾਣਗੇ।

ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਸੁਖਵਰਸ਼ ਸਿੰਘ ਪੰਨੂ, ਤੇਜਿੰਦਰਪਾਲ ਸਿੰਘ, ਅਵਤਾਰ ਸਿੰਘ ਵਣਵਾਲਾ, ਮਨਜੀਤ ਸਿੰਘ ਬੱਪੀਆਣਾ, ਰਾਮਪਾਲ ਸਿੰਘ ਬਹਿਣੀਵਾਲ, ਸ਼੍ਰੋਮਣੀ ਕਮੇਟੀ ਮੈਂਬਰ ਸਰਵਣ ਸਿੰਘ ਕੁਲਾਰ, ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਓਐਸਡੀ ਸਤਬੀਰ ਸਿੰਘ ਧਾਮੀ, ਸਕੱਤਰ ਸੁਖਮਿੰਦਰ ਸਿੰਘ, ਬਲਵਿੰਦਰ ਸਿੰਘ ਕਹਾਲਵਾਂ, ਪ੍ਰੋ. ਸੁਖਦੇਵ ਸਿੰਘ ਆਦਿ ਹਾਜ਼ਰ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੂਬਾ ਸਰਕਾਰ ਨੇ ਹੁਣ ਤੱਕ 27,042 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ: ਮਾਨ

ਪੀ.ਆਈ.ਐਸ. ਦੇ ਰੈਜੀਡੈਸ਼ਲ ਖੇਡ ਵਿੰਗਾਂ ਲਈ ਟਰਾਇਲ 3 ਅਪਰੈਲ ਤੋਂ: ਮੀਤ ਹੇਅਰ