SGPC ਨੇ NCERT ਦੀ ਕਿਤਾਬ ‘ਚ ਦਿੱਤੀ ਜਾਣਕਾਰੀ ‘ਤੇ ਉਠਾਏ ਸਵਾਲ : ਕਿਹਾ- ਆਨੰਦਪੁਰ ਸਾਹਿਬ ਦੇ ਮਤੇ ਨੂੰ ਗਲਤ ਅਰਥਾਂ ‘ਚ ਪੇਸ਼ ਕੀਤਾ

  • ਹਟਾਉਣ ਦੀ ਕੀਤੀ ਮੰਗ
  • ਸ਼੍ਰੋਮਣੀ ਕਮੇਟੀ ਨੇ ਐਨਸੀਈਆਰਟੀ ਵੱਲੋਂ ਇਤਿਹਾਸ ਦੀ ਗਲਤ ਵਿਆਖਿਆ ’ਤੇ ਕੀਤਾ ਇਤਰਾਜ਼
  • ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਬਾਰੇ ਭੁਲੇਖਾ ਪਾਊ ਜਾਣਕਾਰੀ ਤੁਰੰਤ ਹਟਾਈ ਜਾਵੇ- ਐਡਵੋਕੇਟ ਧਾਮੀ

ਅੰਮ੍ਰਿਤਸਰ, 8 ਅਪ੍ਰੈਲ 2023 – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਨਸੀਈਆਰਟੀ ਵੱਲੋਂ ਸਿਲੇਬਸ ਦੀਆਂ ਕਿਤਾਬਾਂ ’ਚ ਸਿੱਖਾਂ ਸਬੰਧੀ ਗਲਤ ਜਾਣਕਾਰੀ ਦੇਣ ’ਤੇ ਸਖ਼ਤ ਇਤਰਾਜ ਪ੍ਰਗਟ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਐਨਸੀਈਆਰਟੀ ਸਿੱਖਾਂ ਨਾਲ ਸਬੰਧਤ ਇਤਿਹਾਸਕ ਵੇਰਵਿਆਂ ਨੂੰ ਗਲਤ ਅਰਥਾਂ ’ਚ ਪੇਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਇਸ ਨੇ ਬਾਰ੍ਹਵੀਂ ਜਮਾਤ ਦੀ ਕਿਤਾਬ ‘ਸੁਤੰਤਰ ਭਾਰਤ ’ਚ ਰਾਜਨੀਤੀ’ ਅੰਦਰ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਬਾਰੇ ਭੁਲੇਖਾ ਪਾਊ ਜਾਣਕਾਰੀ ਦਰਜ ਕੀਤੀ ਗਈ ਹੈ, ਜਿਸ ਨਾਲ ਕੌਮ ਦੀਆਂ ਭਾਵਨਾਵਾਂ ਦੁਖੀਆਂ ਹਨ। ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ ਵਿਆਖਿਆ ਕਰਦਿਆਂ ਸਿੱਖਾਂ ਨੂੰ ਵੱਖਵਾਦੀ ਪੇਸ਼ ਕਰਨਾ ਹਰਗਿਜ਼ ਜਾਇਜ਼ ਨਹੀਂ ਹੈ, ਲਿਹਾਜਾ ਐਨਸੀਈਆਰਟੀ ਇਸ ਨੂੰ ਤੁਰੰਤ ਹਟਾਏ।

ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਦੇ ਨਾਲ ਹੀ ਬਾਰ੍ਹਵੀਂ ਦੀ ਕਿਤਾਬ ’ਚੋਂ ਕੁਝ ਜਾਣਕਾਰੀਆਂ ਹਟਾਉਣ ਅਤੇ ਕੁਝ ਨਵੀਆਂ ਸ਼ਾਮਲ ਕਰਨ ਸਮੇਂ ਫਿਰਕੂਪੱਖ ਤੋਂ ਕਾਰਵਾਈ ਕੀਤੀ ਗਈ ਹੈ। ਦੁੱਖ ਦੀ ਗੱਲ ਹੈ ਕਿ ਜੋ ਮੌਜੂਦਾ ਕੇਂਦਰ ਸਰਕਾਰ ਨੂੰ ਵਾਰਾ ਖਾਂਦਾ ਹੈ, ਉਸ ਅਨੁਸਾਰ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਖਾਸ ਕਰਕੇ ਘੱਟ ਗਿਣਤੀਆਂ ਬਾਰੇ ਪਾਠਕ੍ਰਮ ਖਤਮ ਕੀਤੇ ਜਾ ਰਹੇ ਹਨ ਅਤੇ ਮਨਮਰਜੀ ਦਾ ਸਿਲੇਬਸ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸੇ ਅਨੁਸਾਰ ਸੋਚੀ ਸਮਝੀ ਚਾਲ ਤਹਿਤ ਹੀ ‘ਸੁਤੰਤਰ ਭਾਰਤ ’ਚ ਰਾਜਨੀਤੀ’ ਪੁਸਤਕ ਵਿਚ ਵੀ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ ਗਲਤ ਵਿਆਖਿਆ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਇਕ ਇਤਿਹਾਸਕ ਦਸਤਾਵੇਜ਼ ਹੈ ਜਿਸ ਵਿਚ ਕੋਈ ਵੀ ਗਲਤ ਗੱਲ ਸ਼ਾਮਲ ਨਹੀਂ ਹੈ। ਇਸ ਵਿਚ ਸੂਬਿਆਂ ਦੇ ਅਧਿਕਾਰਾਂ ਦੀ ਗੱਲ ਕੀਤੀ ਗਈ ਹੈ ਅਤੇ ਦੁੱਖ ਦੀ ਗੱਲ ਹੈ ਕਿ ਅੱਜ ਵੀ ਅਜਿਹੇ ਹੀ ਹਾਲਾਤ ਹਨ। ਸੂਬਿਆਂ ਦੇ ਹੱਕਾਂ ਅਤੇ ਹਿੱਤਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇੰਝ ਲਗਦਾ ਹੈ ਕਿ ਜਿਵੇਂ ਜਾਣਬੁਝ ਕਿ ਹਿੰਦੂ ਰਾਸ਼ਟਰ ਦੀ ਭਾਸ਼ਾ ਬੋਲਣ ਵਾਲਿਆਂ ਦੀ ਤਰਫਦਾਰੀ ਕੀਤੀ ਜਾ ਰਹੀ ਹੈ, ਜਦਕਿ ਦੂਸਰੇ ਪਾਸੇ ਘੱਟਗਿਣਤੀਆਂ ਦੇ ਮਾਮਲਿਆਂ ਨੂੰ ਹੱਲ ਕਰਨ ਦੀ ਥਾਂ ਉਨ੍ਹਾਂ ਪ੍ਰਤੀ ਗਲਤ ਧਾਰਨਾਵਾਂ ਪੈਦਾ ਕਰਕੇ ਵਿਰੋਧੀ ਬ੍ਰਿਤਾਂਤ ਸਿਰਜਿਆ ਜਾ ਰਿਹਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸਿਲੇਬਸਾਂ ਵਿੱਚੋਂ ਫਿਰਕਾਪ੍ਰਸਤੀ ਦੀ ਭਾਵਨਾ ਦ੍ਰਿਸ਼ਟਮਾਨ ਹੋਣੀ ਦੇਸ਼ ਦੇ ਸਰੋਕਾਰਾਂ ਦੇ ਅਨੁਕੂਲ ਨਹੀਂ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮਹਾਰਾਜਾ ਰਿਪੁਦਮਨ ਸਿੰਘ ਨਾਭਾ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ’ਚ ਲਗਾਈ

ਖਾਲਸਾ ਸਾਜਣਾ ਦਿਵਸ ਦੇ ਸਮਾਗਮਾਂ ’ਚ ਸ਼ਮੂਲੀਅਤ ਲਈ 9 ਅਪ੍ਰੈਲ ਨੂੰ ਪਾਕਿਸਤਾਨ ਰਵਾਨਾ ਹੋਵੇਗਾ ਜਥਾ