ਚੰਡੀਗੜ੍ਹ 28 ਸਤੰਬਰ 2024 – ਅੱਜ ਇੱਥੇ ਜਾਰੀ ਬਿਆਨ ਵਿੱਚ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਦੱਸਿਆ ਕਿ ਪ੍ਰਜੀਡੀਅਮ ਅਤੇ ਐਗਜੈਕਟਿਵ ਦੀ ਪਿਛਲੇ ਦਿਨੀਂ ਹੋਈ ਮੀਟਿੰਗ ਵਿੱਚ ਬਹੁਤ ਵਿਸਥਾਰ ਨਾਲ ਗੁਆਂਢੀ ਸੂਬਿਆਂ ਵਿੱਚ ਚੋਣਾਂ ਬਾਰੇ ਚਰਚਾ ਕੀਤੀ ਗਈ। ਇਹ ਫੈਂਸਲਾ ਹੋਇਆ ਕਿ ਇਹਨਾਂ ਸੂਬਿਆਂ ਵਿੱਚ ਕਿਸੇ ਵੀ ਪਾਰਟੀ ਨੂੰ ਸਮਰਥਨ ਨਹੀ ਦੇਣਾ। ਇਹਨਾਂ ਚੋਣਾਂ ਵਿੱਚ ਉਥੋਂ ਦੀ ਸਿੱਖ ਸੰਗਤ ਆਪਣੇ ਤੌਰ ਤੇ ਫੈਂਸਲਾ ਕਰੇ ਕਿ ਕਿਸ ਉਮੀਦਵਾਰ ਜਾਂ ਪਾਰਟੀ ਨੂੰ ਸਮਰਥਨ ਦੇਣਾ ਹੈ।
ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਗਗਨਜੀਤ ਸਿੰਘ ਬਰਨਾਲਾ ਦੀ ਜੰਮੂ ਜਾਣ ਬਾਰੇ ਮੀਡੀਆ ਵਿੱਚ ਆਈ ਖਬਰ ਦਾ ਨੋਟਿਸ ਲੈਂਦੇ ਹੋਏ ਆਪਣਾ ਸੁਧਾਰ ਲਹਿਰ ਦਾ ਪੱਖ ਸਪਸ਼ਟ ਕਰਦੇ ਹਾਂ। ਪ੍ਰੋਫੈਸਰ ਚੰਦੂਮਾਜਰਾ ਅਤੇ ਸ.ਬਰਨਾਲਾ ਦਾ ਇਹ ਆਪਣਾ ਨਿੱਜੀ ਦੌਰਾ ਸੀ, ਲੇਕਿਨ ਇਸ ਸਬੰਧ ਵਿੱਚ ਉਹਨਾਂ ਤੋਂ ਸਪਸ਼ਟੀਕਰਨ ਮੰਗਿਆ ਜਾਵੇਗਾ ਕਿ ਇਸ ਦੌਰੇ ਦੀ ਕੀ ਵਜ੍ਹਾ ਸੀ। ਬਹੁਤ ਸਪਸ਼ਟ ਤੌਰ ਤੇ ਸੁਧਾਰ ਲਹਿਰ ਦਾ ਇਹ ਫੈਂਸਲਾ ਹੈ ਕਿ ਜਦੋਂ ਤੱਕ ਸਿੱਖ ਪੰਥ ਅਤੇ ਪੰਜਾਬ ਦੇ ਮਸਲੇ ਹੱਲ ਨਹੀਂ ਕੀਤੇ ਜਾਂਦੇ ਅਸੀਂ ਕਿਸੇ ਵੀ ਪਾਰਟੀ ਦਾ ਸਮਰਥਨ ਨਹੀਂ ਕਰਾਂਗੇ।