- ਜੇਲ੍ਹਾਂ ’ਚ ਨਜ਼ਰਬੰਦ ਬੰਦੀ ਸਿੱਖਾਂ ਦੀ ਪੱਕੀ ਰਿਹਾਈ ’ਤੇ ਅਦਾਲਤਾਂ ਦੇਣ ਆਪਣੇ ਜਲਦ ਫੈਸਲੇ : ਜਥੇਦਾਰ ਕਰਤਾਰਪੁਰ
ਪਟਿਆਲਾ 3 ਜੂਨ 2023: ਜੇਲ੍ਹਾਂ ’ਚ ਨਜ਼ਰਬੰਦ ਬੰਦੀ ਸਿੰਘਾਂ ਦੀਆਂ ਹੋ ਰਹੀਆਂ ਪੱਕੀਆਂ ਜ਼ਮਾਨਤਾਂ ਦੇ ਸਿਲਸਿਲੇ ਤਹਿਤ ਬੁੜੈਲ ਜੇਲ੍ਹ ਵਿਚ ਨਜ਼ਰਬੰਦ ਇੰਜੀਨੀਅਰ ਭਾਈ ਗੁਰਮੀਤ ਸਿੰਘ ਨੂੰ ਪੱਕੀ ਰਿਹਾਈ ਮਿਲਣ ਤੋਂ ਬਾਅਦ ਅੱਜ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਫ਼ਦ ਦੇ ਮੈਂਬਰਾਂ ਨੇ ਭਾਈ ਗੁਰਮੀਤ ਸਿੰਘ ਦੇ ਗ੍ਰਹਿ ਵਿਖੇ ਜਾ ਕੇ ਮੁਲਾਕਾਤ ਕੀਤੀ।
ਅੰਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਦੀ ਅਗਵਾਈ ਵਿਚ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਪ੍ਰਬੰਧਕਾਂ ਦਾ ਵਫ਼ਦ ਅੱਜ ਇੰਜੀਨੀਅਰ ਭਾਈ ਗੁਰਮੀਤ ਸਿੰਘ ਦੇ ਗ੍ਰਹਿ ਵਿਖੇ ਪੁੱਜਿਆ ਜਿਥੇ ਵਫ਼ਦ ਨੇ ਉਨ੍ਹਾਂ ਨੂੰ ਪੱਕੀ ਰਿਹਾਈ ਮਿਲਣ ’ਤੇ ਸਿਰੋਪਾਓ ਦੀ ਬਖਸ਼ਿਸ਼ ਕੀਤੀ ਅਤੇ ਧਾਰਮਕ ਪੁਸਤਕਾਂ ਵੀ ਭੇਂਟ ਕੀਤੀਆਂ। ਜ਼ਿਕਰਯੋਗ ਹੈ ਕਿ ਇੰਜੀਨੀਅਰ ਭਾਈ ਗੁਰਮੀਤ ਸਿੰਘ ਨੂੰ ਮਿਲਦੀ ਆ ਰਹੀ ਪੈਰੋਲ ਤੋਂ ਬਾਅਦ ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ 28 ਸਾਲਾਂ ਬਾਅਦ ਪੱਕੀ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਹੈ।
ਇਸ ਮੌਕੇ ਅੰਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਨੇ ਕਿਹਾ ਕਿ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਸ਼ੋ੍ਰਮਣੀ ਕਮੇਟੀ ਲਗਾਤਾਰ ਕਾਰਜਸ਼ੀਲ ਹੈ। ਜਥੇਦਾਰ ਕਰਤਾਰਪੁਰ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜੇਲ੍ਹਾਂ ਵਿਚ ਨਜ਼ਰਬੰਦ ਬੰਦੀ ਸਿੰਘਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ, ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦੇ ਗਲਤ ਰਵੱਈਆ ਕਾਰਨ ਮਨੁੱਖੀ ਅਧਿਕਾਰਾਂ ਘਾਣ ਹੋ ਰਿਹਾ ਹੈ ਅਤੇ ਹੋ ਰਹੀ ਅਜਿਹੀ ਅਣਦੇਖੀ ਪ੍ਰਤੀ ਸਰਕਾਰਾਂ ਅਤੇ ਅਦਾਲਤਾਂ ਨੂੰ ਸੁਚਾਰੂ ਕਦਮ ਚੁੱਕਣ ਦੀ ਲੋੜ ਹੈ। ਜਥੇਦਾਰ ਕਰਤਾਰਪੁਰ ਨੇ ਮੰਗ ਕਰਦਿਆਂ ਕਿਹਾ ਕਿ ਬੰਦੀ ਸਿੰਘਾਂ ਨਾਲ ਸਬੰਧਤ ਅਦਾਲਤਾਂ ਨੂੰ ਚੱਲ ਰਹੇ ਕੇਸਾਂ ਦੀ ਢੁੱਕਵੇਂ ਸਮੇਂ ’ਤੇ ਪੈਰਵਾਈ ਕਰਕੇ ਜਲਦ ਫੈਸਲੇ ਦੇਣੇ ਚਾਹੀਦੇ ਹਨ।
ਇਸ ਮੌਕੇ ਇੰਜੀਨੀਅਰ ਭਾਈ ਗੁਰਮੀਤ ਸਿੰਘ ਨੇ ਕਿਹਾ ਕਿ ਪ੍ਰਮਾਤਮਾ ਨੇ ਹੀ ਅਜਿਹੀ ਬਿਧ ਬਣਾਈ ਹੈ ਕਿ ਜੁਡੀਸ਼ਰੀ ਵੱਲੋਂ ਪੱਕੀ ਰਿਹਾਈ ਪ੍ਰਤੀ ਫੈਸਲੇ ਦੇਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਫੈਸਲੇ ਹੋਰਨਾਂ ਬੰਦੀ ਸਿੰਘਾਂ ’ਤੇ ਵੀ ਲਾਗੂ ਹੋਣ, ਜਿਸ ਨਾਲ ਹੋਰਨਾਂ ਦੀ ਰਿਹਾਈ ਵੀ ਸੰਭਵ ਹੋ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਤਾ ਸੁਰਜੀਤ ਕੌਰ, ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ, ਕਥਾਵਾਚਕ ਗਿਆਨੀ ਪਿ੍ਰਤਪਾਲ ਸਿੰਘ, ਐਡੀਸ਼ਨਲ ਮੈਨੇਜਰ ਕਰਨੈਲ ਸਿੰਘ ਵਿਰਕ, ਮੀਤ ਮੈਨੇ. ਭਾਗ ਸਿੰਘ ਚੌਹਾਨ, ਹਰਵਿੰਦਰ ਸਿੰਘ ਕਾਹਲਵਾਂ, ਸਰਬਜੀਤ ਸਿੰਘ ਆਦਿ ਸ਼ਾਮਲ ਸਨ।