- ਟੋਭਿਆਂ ਦਾ ਨਾਂ ਅੰਮ੍ਰਿਤ ਸਰੋਵਰ ਰੱਖਣਾ ਸਿੱਖ ਇਤਿਹਾਸ ਤੇ ਰਵਾਇਤਾਂ ਦੀ ਤੌਹੀਨ- ਐਡਵੋਕੇਟ ਧਾਮੀ
ਅੰਮ੍ਰਿਤਸਰ, 29 ਜੁਲਾਈ 2022 – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਸਰਕਾਰ ਵੱਲੋਂ ਪਿੰਡਾਂ ਅੰਦਰ ਬਰਸਾਤੀ ਪਾਣੀ ਸੰਭਾਲਣ ਲਈ ਸ਼ੁਰੂ ਕੀਤੇ ਅੰਮ੍ਰਿਤ ਸਰੋਵਰ ਪ੍ਰੋਜੈਕਟ ਦੇ ਨਾਮ ’ਤੇ ਇਤਰਾਜ਼ ਪ੍ਰਗਟ ਕੀਤਾ ਹੈ। ਭਾਰਤ ਸਰਕਾਰ ਵੱਲੋਂ ਦੇਸ਼ ਭਰ ਅੰਦਰ ਪਾਣੀ ਦੀ ਸੰਭਾਲ ਲਈ ਟੋਭੇ ਤਿਆਰ ਕੀਤੇ ਜਾ ਰਹੇ ਹਨ, ਜਿਨ੍ਹਾਂ ਦਾ ਨਾਂ ਅੰਮ੍ਰਿਤ ਸਰੋਵਰ ਸਿੱਖ ਇਤਿਹਾਸ ’ਤੇ ਰਵਾਇਤਾਂ ਨਾਲ ਮੇਲ ਖਾਂਦਾ ਹੈ। ਸ਼੍ਰੋਮਣੀ ਕਮੇਟੀ ਨੇ ਭਾਰਤ ਦੇ ਪੇਂਡੂ ਵਿਕਾਸ ਮੰਤਰੀ ਸ੍ਰੀ ਗਿਰੀਰਾਜ ਸਿੰਘ ਨੂੰ ਪੱਤਰ ਲਿਖ ਕੇ ਪ੍ਰੋਜੈਕਟ ਦਾ ਨਾਂ ਤੁਰੰਤ ਬਦਲਣ ਲਈ ਕਿਹਾ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਸਬੰਧ ਵਿਚ ਆਖਿਆ ਕਿ ਭਾਰਤ ਸਰਕਾਰ ਦਾ ਬਰਸਾਤੀ ਪਾਣੀ ਸੰਭਾਲਣ ਲਈ ਉੱਦਮ ਤਾਂ ਚੰਗਾ ਹੈ, ਪਰ ਇਸ ਦਾ ਨਾਮ ਸਿੱਖ ਭਾਵਨਾਵਾਂ ਨੂੰ ਸੱਟ ਮਾਰਦਾ ਹੈ। ਪਿੰਡਾਂ ਅੰਦਰ ਮੀਂਹ ਦਾ ਪਾਣੀ ਇਕੱਠਾ ਕਰਨ ਲਈ ਬਣਾਏ ਜਾਣ ਵਾਲੇ ਟੋਭਿਆਂ ਨੂੰ ਅੰਮ੍ਰਿਤ ਸਰੋਵਰ ਦਾ ਨਾਂ ਦੇਣਾ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਤਿਹਾਸ ਅਨੁਸਾਰ ਸ੍ਰੀ ਅੰਮ੍ਰਿਤਸਰ ਵਿਖੇ ਗੁਰੂ ਸਾਹਿਬਾਨ ਵੱਲੋਂ ਪੰਜ ਸਰੋਵਰ ਤਿਆਰ ਕਰਵਾਏ ਗਏ ਸਨ, ਜਿਨ੍ਹਾਂ ਵਿਚ ਅੰਮ੍ਰਿਤਸਰ (ਭਾਵ ਅੰਮ੍ਰਿਤ ਸਰੋਵਰ) ਵੀ ਇੱਕ ਹੈ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਥਿਤ ਅੰਮ੍ਰਿਤਸਰ (ਅੰਮ੍ਰਿਤ ਸਰੋਵਰ) ਵਿਖੇ ਰੋਜਾਨਾਂ ਲੱਖਾਂ ਸੰਗਤਾਂ ਇਸ਼ਨਾਨ ਕਰਕੇ ਸ਼ਰਧਾ ਪ੍ਰਗਟਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤ ਸਰੋਵਰ ਦੀ ਸਿੱਖ ਇਤਿਹਾਸ ਵਿਚ ਵੱਡੀ ਮਹੱਤਤਾ ਹੋਣ ਕਾਰਨ ਪਿੰਡਾਂ ਅੰਦਰ ਸਰਕਾਰ ਵੱਲੋਂ ਤਿਆਰ ਕੀਤੇ ਜਾਣ ਵਾਲੇ ਟੋਭਿਆਂ ਨੂੰ ਅੰਮ੍ਰਿਤ ਸਰੋਵਰ ਵਜੋਂ ਸਥਾਪਤ ਕਰਨਾ ਸਿੱਖ ਇਤਿਹਾਸ ਤੇ ਪ੍ਰੰਪਰਾਵਾਂ ਦੀ ਤੌਹੀਨ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਤਿਆਰ ਕੀਤੇ ਜਾਣ ਵਾਲੇ ਟੋਭਿਆਂ ਦਾ ਨਾਂ ਤੁਰੰਤ ਬਦਲਿਆ ਜਾਵੇ ਤਾਂ ਜੋ ਸਿੱਖ ਇਤਿਹਾਸ ਅੰਦਰ ਅੰਮ੍ਰਿਤ ਸਰੋਵਰ ਦੀ ਇਤਿਹਾਸਕ ਮਹੱਤਤਾ ਨੂੰ ਸੱਟ ਨਾ ਵੱਜੇ।