ਅੰਮ੍ਰਿਤਸਰ, 29 ਜੁਲਾਈ 2022 – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡਾ. ਵਿਵੇਕ ਬਿੰਦਰਾ ਵੱਲੋਂ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਦਾ ਫਿਲਮਾਂਕਣ ਕਰਨ ਅਤੇ ਸਿੱਖ ਇਤਿਹਾਸ ਨੂੰ ਗਲਤ ਰੂਪ ਵਿਚ ਪੇਸ਼ ਕਰਨ ਦੇ ਮਾਮਲੇ ’ਚ ਕਾਰਵਾਈ ਕਰਦਿਆਂ ਉਸ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਇਸ ਦੇ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਡਾ. ਵਿਵੇਕ ਬਿੰਦਰਾ ਵਿਰੁੱਧ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕਰਵਾਉਣ ਲਈ ਵੀ ਕਾਰਵਾਈ ਕੀਤੀ ਜਾ ਰਹੀ ਹੈ।
ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਮੀਡੀਆ ਸ. ਕੁਲਵਿੰਦਰ ਸਿੰਘ ਰਮਦਾਸ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਸਰਗਰਮ ਡਾ. ਵਿਵੇਕ ਬਿੰਦਰਾ ਨੇ ਆਪਣੇ ਇੱਕ ਵੀਡੀਓ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਦੀਵਾਨ ਟੋਡਰ ਮੱਲ ਬਾਰੇ ਇੱਕ ਐਨੀਮੇਸ਼ਨ ਵੀਡੀਓ ਪਾਇਆ ਸੀ, ਜਿਸ ਸਬੰਧੀ ਵੱਖ-ਵੱਖ ਸੰਗਤਾਂ ਵੱਲੋਂ ਸ਼੍ਰੋਮਣੀ ਕਮੇਟੀ ਪਾਸ ਇਤਰਾਜ਼ ਪੁੱਜੇ ਹਨ। ਇਸ ਦੇ ਨਾਲ ਹੀ ਉਸ ਨੇ ਇਤਿਹਾਸ ਨੂੰ ਵੀ ਗਲਤ ਪੇਸ਼ ਕੀਤਾ, ਜਿਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਸ. ਰਮਦਾਸ ਨੇ ਕਿਹਾ ਕਿ ਇਸ ਮਾਮਲੇ ਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਨੋਟਿਸ ਲੈਂਦਿਆਂ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ, ਜਿਸ ਤਹਿਤ ਸਬੰਧਤ ਵਿਰੁੱਧ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ ਅਤੇ ਪੁਲਿਸ ਪ੍ਰਸਾਸ਼ਨ ਨੂੰ ਵੀ ਕਾਰਵਾਈ ਲਈ ਲਿਖਿਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਡਾ. ਬਿੰਦਰਾ ਦੀ ਵੀਡੀਓ ਦੀ ਜਾਂਚ ਸ਼੍ਰੋਮਣੀ ਕਮੇਟੀ ਦੇ ਸਿੱਖ ਇਤਿਹਾਸ ਰਿਸਰਚ ਬੋਰਡ ਰਾਹੀਂ ਕਰਵਾਈ ਗਈ ਹੈ, ਜਿਸ ਵਿਚ ਸਾਹਮਣੇ ਆਇਆ ਹੈ ਕਿ ਡਾ. ਬਿੰਦਰਾ ਨੇ ਦੀਵਾਨ ਟੋਡਰ ਮੱਲ ਨੂੰ ਜੈਨ ਸਮਾਜ ਨਾਲ ਜੋੜ ਕੇ ਇਤਿਹਾਸ ਵਿਗਾੜਿਆ ਹੈ। ਇਸ ਤੋਂ ਇਲਾਵਾ ਵੀਡੀਓ ਵਿਚ ਦੀਵਾਨ ਟੋਡਰ ਮੱਲ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਵਾਰਤਾਲਾਪ ਵੀ ਇਤਿਹਾਸਕ ਤੌਰ ’ਤੇ ਨਿਰ ਅਧਾਰ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਸਿੱਖ ਗੁਰੂ ਸਾਹਿਬਾਨ ਦੀ ਸ਼ਖ਼ਸੀਅਤ ਦਾ ਫਿਲਮਾਂਕਣ ਕਰਨਾ ਵਰਜਿਤ ਹੋਣ ਦੇ ਬਾਵਜੂਦ ਡਾ. ਬਿੰਦਰਾ ਨੇ ਅਜਿਹਾ ਕਰਨ ਦੀ ਵੀ ਆਵਗਿਆ ਕੀਤੀ ਹੈ। ਡਾ. ਬਿੰਦਰਾ ਦੀ ਇਸ ਹਰਕਤ ਨਾਲ ਸਿੱਖ ਸੰਗਤਾਂ ਦੀ ਭਾਵਨਾਵਾਂ ਦੁਖੀਆਂ ਹਨ, ਜਿਸ ਲਈ ਸ਼੍ਰੋਮਣੀ ਕਮੇਟੀ ਵੱਲੋਂ ਉਸ ਵਿਰੁੱਧ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਗਿਆ ਹੈ।