- ਪਰਿਵਾਰਕ ਮੈਂਬਰਾਂ ਦੇ ਨਾਂ ਲੈ ਕੇ ਡਰਾਉਣ ਦੀ ਕੋਸ਼ਿਸ਼ ਕੀਤੀ :- ਹਰਵਿੰਦਰ ਸੋਨੀ
ਗੁਰਦਾਸਪੁਰ 19 ਅਕਤੂਬਰ 2024 – ਇੱਕ ਵਾਰ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਸੂਬਾ ਉਪ ਪ੍ਰਧਾਨ ਅਤੇ ਗਊ ਸਾਂਸਦ ਹਰਵਿੰਦਰ ਸੋਨੀ ਅਤੇ ਸ਼ਿਵ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਨਵੇਂ ਚੁਣੇ ਸਰਪੰਚ ਵਰਿੰਦਰ ਮੁੰਨਾ ਨੂੰ ਪਾਕਿਸਤਾਨੀ ਨੰਬਰਾਂ ਤੋਂ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ, ਜਿਸ ਦੀ ਸੂਚਨਾ ਤੁਰੰਤ ਐਸਐਸਪੀ ਗੁਰਦਾਸਪੁਰ ਦਾਇਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੂੰ ਦਿੱਤੀ ਗਈ। ਪੁਲਸ ਨੇ ਤੁਰੰਤ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਸ਼ੁਰੂ ਕਰ ਦਿੱਤੀ, ਜਿਸ ਦੀ ਜਾਣਕਾਰੀ ਸੋਨੀ ਨੂੰ ਸਾਈਬਰ ਸੈੱਲ ਦੇ ਅਧਿਕਾਰੀ ਸਤੀਸ਼ ਵਰਮਾ ਨੇ ਦਿੱਤੀ।
ਇਸ ਸਬੰਧੀ ਹਰਵਿੰਦਰ ਸੋਨੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਜ਼ਿਲ੍ਹਾ ਪ੍ਰਧਾਨ ਵਰਿੰਦਰ ਮੁੰਨਾ ਨੂੰ ਮੋਬਾਈਲ ਨੰਬਰ +19142167067763 ਤੋਂ ਸਰਪੰਚ ਦੀ ਚੋਣ ਲੜਨ ‘ਤੇ ਖ਼ਤਰਨਾਕ ਨਤੀਜੇ ਭੁਗਤਣ ਦੀ ਧਮਕੀ ਮਿਲੀ ਸੀ, ਜਿਸ ਦੀ ਸ਼ਿਕਾਇਤ ਥਾਣਾ ਪੁਰਾਣਾ ਸ਼ਾਲਾ ਅਤੇ ਐੱਸਐੱਸਪੀ ਗੁਰਦਾਸਪੁਰ ਨੂੰ ਦਿੱਤੀ ਗਈ ਸੀ।
ਉਸ ਨੇ ਦੱਸਿਆ ਕਿ ਉਸ ਨੰਬਰ ਦੀ ਅਜੇ ਜਾਂਚ ਕੀਤੀ ਜਾ ਰਹੀ ਸੀ ਕਿ ਕੁਝ ਦਿਨਾਂ ਬਾਅਦ ਉਨ੍ਹਾਂ ਨੂੰ ਵੀ ਉਨ੍ਹਾਂ ਦੇ ਪੁਰਾਣੇ ਨੰਬਰ ‘ਤੇ ਪਾਕਿਸਤਾਨੀ ਨੰਬਰਾਂ ਤੋਂ ਫੋਨ ਆਏ ਸਨ ਪਰ ਉਨ੍ਹਾਂ ਨੇ ਬਾਹਰ ਦਾ ਨੰਬਰ ਦੇਖ ਕੇ ਫੋਨ ਨਹੀਂ ਚੁੱਕਿਆ ਪਰ ਕੁਝ ਦਿਨਾਂ ਬਾਅਦ ਉਨ੍ਹਾਂ ਦੇ ਦੂਜੇ ਮੋਬਾਈਲ ‘ਤੇ ਵਟਸਐਪ ਰਾਹੀਂ ਦੋ ਪਾਕਿਸਤਾਨੀ ਨੰਬਰਾਂ +92 3029630582 ਅਤੇ +92 3200475751 ਤੋਂ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ। ਉਹਨਾਂ ਨੇ ਫੋਨ ਜਦੋਂ ਰਿਸੀਵ ਕੀਤਾ ਤਾਂ ਫੋਨ ਕਰਨ ਵਾਲੇ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਨਾਂ ਲੈ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਨਾਲ ਉਹ ਸਕਤੇ ਵਿੱਚ ਆ ਗਏ।
ਰੋਸ਼ ਜ਼ਾਹਰ ਕਰਦਿਆਂ ਸ਼ਿਵ ਸੈਨਾ ਆਗੂ ਨੇ ਕਿਹਾ ਕਿ ਪੁਲੀਸ ਨੂੰ ਲੰਮੇ ਸਮੇਂ ਤੋਂ ਕਈ ਨੰਬਰ ਦਿੱਤੇ ਜਾ ਰਹੇ ਹਨ ਪਰ ਅੱਜ ਤੱਕ ਪੁਲੀਸ ਨੇ ਇੱਕ ਵੀ ਕਾਲ ਕਰਨ ਵਾਲੇ ਨੂੰ ਟਰੇਸ ਨਹੀਂ ਕੀਤਾ ਅਤੇ ਅੱਜ ਤੱਕ ਕੋਈ ਐਫਆਈਆਰ ਦਰਜ ਨਹੀਂ ਕੀਤੀ ਜਦੋਂ ਕਿ 12 ਅਪ੍ਰੈਲ 2015 ਉਨ੍ਹਾਂ ਨੂੰ ਗੋਲੀ ਮਾਰਨ ਵਾਲੇ 10 ਲੱਖ ਰੁਪਏ ਦੇ ਇਨਾਮ ਵਾਲਾ ਲੋੜੀਂਦਾ ਅੱਤਵਾਦੀ ਕਸ਼ਮੀਰ ਸਿੰਘ 2016 ਤੋਂ ਜੇਲ੍ਹ ਤੋਂ ਫਰਾਰ ਹੈ ਅਤੇ ਉਸ ਦਾ ਸਾਥੀ ਜ਼ਮਾਨਤ ‘ਤੇ ਬਾਹਰ ਆ ਕੇ ਸ਼ਰੇਆਮ ਘੁੰਮ ਰਿਹਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਨੇ ਇੱਕ ਹਫ਼ਤੇ ਦੇ ਅੰਦਰ ਅੰਦਰ ਅਣਪਛਾਤੇ ਵਿਅਕਤੀਆਂ ਖਿਲਾਫ਼ ਪਰਚਾ ਦਰਜ ਨਹੀਂ ਕੀਤਾ ਅਤੇ ਜ਼ਿਲ੍ਹਾ ਪ੍ਰਧਾਨ ਵਰਿੰਦਰ ਮੁੰਨਾ ਨੂੰ ਉਹਨ ਦੀ ਵਾਪਸ ਲਈ ਗਈ ਪੁਲਿਸ ਸੁਰੱਖਿਆ ਮੁਹੱਈਆ ਨਹੀਂ ਕਰਵਾਈ ਤਾਂ ਉਹ ਸਮੂਹ ਸ਼ਿਵ ਸੈਨਿਕਾਂ ਨੂੰ ਨਾਲ ਲੈ ਕੇ ਐੱਸਐੱਸਪੀ ਦਫ਼ਤਰ ਦੇ ਬਾਹਰ ਧਰਨਾ ਦੇਣਗੇ ਅਤੇ ਜੇਕਰ ਇਸ ਦੌਰਾਨ ਕੋਈ ਹਾਦਸਾ ਵਾਪਰਦਾ ਹੈ ਤਾਂ ਉਸ ਦੇ ਲਈ ਲਈ ਗੁਰਦਾਸਪੁਰ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।