- SHO ਨਵਦੀਪ ਸਮੇਤ ਬਾਕੀ ਮੁਲਾਜ਼ਮ ਹੋਏ ਫਰਾਰ:
- ਜਸ਼ਨ ਦੀ ਲਾ+ਸ਼ ਮਿਲਣ ਤੋਂ ਬਾਅਦ ਖੁਦਕੁਸ਼ੀ ਲਈ ਮਜ਼ਬੂਰ ਕਰਨ ਦਾ ਪਰਚਾ ਹੋਇਆ ਸੀ ਦਰਜ
ਜਲੰਧਰ, 5 ਸਤੰਬਰ 2023 – ਜਲੰਧਰ ਦੇ ਢਿੱਲੋਂ ਭਰਾਵਾਂ ਮਾਨਵਜੀਤ ਅਤੇ ਜਸ਼ਨਵੀਰ ਦੇ ਖੁਦਕੁਸ਼ੀ ਮਾਮਲੇ ‘ਚ ਥਾਣਾ ਇੰਚਾਰਜ ਨਵਦੀਪ ਸਿੰਘ, ਮੁਨਸ਼ੀ ਬਲਵਿੰਦਰ ਅਤੇ ਮਹਿਲਾ ਕਾਂਸਟੇਬਲ ਜਗਜੀਤ ਕੌਰ ਜਸ਼ਨਵੀਰ ਦੀ ਲਾਸ਼ ਮਿਲਦੇ ਹੀ ਫਰਾਰ ਹੋ ਗਏ ਸਨ। ਜਿਸ ਤੋਂ ਬਾਅਦ ਪੁਲੀਸ ਨੇ ਫਰਾਰ ਹੋਏ ਤਿੰਨ ਪੁਲੀਸ ਅਧਿਕਾਰੀਆਂ ਤੇ ਮੁਲਾਜ਼ਮਾਂ ਖ਼ਿਲਾਫ਼ ਲੁੱਕਆਊਟ ਨੋਟਿਸ ਜਾਰੀ ਕਰ ਦਿੱਤਾ ਹੈ। ਪੁਲਿਸ ਵੱਲੋਂ ਜਸ਼ਨਵੀਰ ਦੀ ਲਾਸ਼ ਮਿਲਦੇ ਹੀ ਲਾਈਨ ਹਾਜ਼ਰ ਕੀਤੇ ਗਏ ਤਿੰਨੇ ਪੁਲਿਸ ਮੁਲਾਜ਼ਮਾਂ ‘ਤੇ ਖੁਦਕੁਸ਼ੀ ਲਈ ਮਜ਼ਬੂਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ 1 ਵਿੱਚ ਤਤਕਾਲੀ ਐਸਐਚਓ ਨਵਦੀਪ ਸਿੰਘ, ਮੁਨਸ਼ੀ ਬਲਵਿੰਦਰ ਅਤੇ ਮਹਿਲਾ ਕਾਂਸਟੇਬਲ ਜਗਜੀਤ ਕੌਰ ਵੱਲੋਂ ਤਸ਼ੱਦਦ ਅਤੇ ਜ਼ਲੀਲ ਕੀਤੇ ਜਾਣ ਤੋਂ ਬਾਅਦ ਢਿੱਲੋਂ ਭਰਾਵਾਂ ਮਾਨਵਜੀਤ ਅਤੇ ਜਸ਼ਨਵੀਰ ਨੇ ਗੋਇੰਦਵਾਲ ਸਾਹਿਬ ਦੇ ਪੁਲ ਤੋਂ ਬਿਆਸ ਵਿੱਚ ਛਾਲ ਮਾਰ ਦਿੱਤੀ ਸੀ। ਜਸ਼ਨਵੀਰ ਦੀ ਲਾਸ਼ ਤਿੰਨ ਦਿਨ ਪਹਿਲਾਂ ਖੇਤ ਵਿੱਚ ਦੱਬੀ ਹੋਈ ਮਿਲੀ ਸੀ ਪਰ ਮਾਨਵਜੀਤ ਦੀ ਲਾਸ਼ ਅਜੇ ਤੱਕ ਨਹੀਂ ਮਿਲੀ ਹੈ।
ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਖੁਦਕੁਸ਼ੀ ਲਈ ਮਜ਼ਬੂਰ ਕਰਨ ਦਾ ਮਾਮਲਾ ਦਰਜ ਹੁੰਦੇ ਹੀ ਲਾਈਨ ‘ਚ ਮੌਜੂਦ ਤਿੰਨ ਪੁਲਿਸ ਮੁਲਾਜ਼ਮ ਪੁਲਿਸ ਲਾਈਨ ‘ਚੋਂ ਗਾਇਬ ਹੋ ਗਏ | ਸੂਤਰਾਂ ਦੇ ਹਵਾਲੇ ਨਾਲ ਪਤਾ ਲੱਗਾ ਹੈ ਕਿ ਰੂਪੋਸ਼ ਹੋਣ ਤੋਂ ਬਾਅਦ ਤਿੰਨੋਂ ਲਗਾਤਾਰ ਕੁਝ ਵਕੀਲਾਂ ਦੇ ਸੰਪਰਕ ਵਿਚ ਹਨ ਅਤੇ ਅਗਾਊਂ ਜ਼ਮਾਨਤ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਤਿੰਨੋਂ ਜਲਦੀ ਹੀ ਆਪਣੇ ਵਕੀਲ ਰਾਹੀਂ ਕਪੂਰਥਲਾ ਅਦਾਲਤ ਵਿੱਚ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕਰ ਸਕਦੇ ਹਨ।