ਚੰਡੀਗੜ੍ਹ, 22 ਜੁਲਾਈ 2022 – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲ ਸ਼ਾਰਪਸ਼ੂਟਰ ਅੰਕਿਤ ਸੇਰਸਾ ਨੇ ਪੁਲਿਸ ਪੁੱਛਗਿੱਛ ‘ਚ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਸ਼ਾਰਪਸ਼ੂਟਰ ਸੇਰਸਾ (19) ਨੇ ਦੱਸਿਆ ਕਿ ਗੈਂਗਸਟਰ ਗੋਲਡੀ ਬਰਾੜ ਧੋਖੇਬਾਜ਼ ਹੈ। ਰੁਪਏ ਦੇਣ ਦਾ ਵਾਅਦਾ ਕੀਤਾ ਸੀ।
ਉਸ ਨੂੰ ਇਹ ਵੀ ਕਿਹਾ ਗਿਆ ਕਿ ਉਸ ਦਾ ਨਾਂ ਹਰਿਆਣਾ ਵਿਚ ਚਮਕੇਗਾ। ਮੂਸੇਵਾਲਾ ਦੇ ਮਾਰੇ ਜਾਣ ਤੋਂ ਬਾਅਦ ਉਸ ਨੇ ਫ਼ੋਨ ਚੁੱਕਣਾ ਬੰਦ ਕਰ ਦਿੱਤਾ ਸੀ। ਕੀ ਸਰਸਾ ਦਾ ਇਹ ਦਾਅਵਾ ਸੱਚ ਹੈ ਜਾਂ ਪੁਲਿਸ ਨੂੰ ਗੁੰਮਰਾਹ ਕਰਨ ਵਾਲਾ, ਪੰਜਾਬ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ।
ਅੰਕਿਤ ਸੇਰਸਾ ਹਰਿਆਣਾ ਦੇ ਸੋਨੀਪਤ ਦਾ ਰਹਿਣ ਵਾਲਾ ਹੈ। ਉਹ 6 ਮਹੀਨੇ ਪਹਿਲਾਂ ਹੀ ਲਾਰੈਂਸ ਗੈਂਗ ‘ਚ ਸ਼ਾਮਲ ਹੋਇਆ ਸੀ। ਰਾਜਸਥਾਨ ਵਿੱਚ 2 ਵਾਰਦਾਤਾਂ ਕਰਨ ਤੋਂ ਬਾਅਦ ਉਹ ਮੋਨੂੰ ਡਾਗਰ ਰਾਹੀਂ ਗੋਲਡੀ ਦੇ ਸੰਪਰਕ ਵਿੱਚ ਆਇਆ। ਕਤਲ ਵਾਲੇ ਦਿਨ ਸੇਰਸਾ ਦੇ ਦੋਵਾਂ ਹੱਥਾਂ ਵਿੱਚ ਪਿਸਤੌਲ ਸਨ। ਉਸ ਨੇ ਨੇੜੇ ਜਾ ਕੇ ਮੂਸੇਵਾਲਾ ਨੂੰ ਗੋਲੀ ਮਾਰ ਦਿੱਤੀ ਸੀ। ਸੇਰਸਾ ਦੀ ਜ਼ਿੰਦਗੀ ਦਾ ਇਹ ਪਹਿਲਾ ਕਤਲ ਸੀ। ਜੋ ਉਸ ਨੇ ਬੇਰਹਿਮ ਤਰੀਕੇ ਨਾਲ ਕੀਤਾ।
ਇਸ ਤੋਂ ਪਹਿਲਾਂ ਸ਼ਾਰਪਸ਼ੂਟਰਾਂ ਪ੍ਰਿਆਵਰਤ ਫੌਜੀ ਅਤੇ ਕਸ਼ਿਸ਼ ਤੋਂ ਪੁੱਛਗਿੱਛ ‘ਚ ਖੁਲਾਸਾ ਹੋਇਆ ਸੀ ਕਿ ਮੂਸੇਵਾਲਾ ਨੂੰ ਮਾਰਨ ਦਾ ਸੌਦਾ 1 ਕਰੋੜ ‘ਚ ਹੋਇਆ ਸੀ। ਸ਼ਾਰਪਸ਼ੂਟਰਾਂ ਨੂੰ ਖੁਸ਼ ਕਰਨ ਅਤੇ ਯਕੀਨ ਦਵਾਉਣ ਲਈ ਗੋਲਡੀ ਨੇ ਕਤਲ ਤੋਂ ਪਹਿਲਾਂ ਹਥਿਆਰ ਅਤੇ 10 ਲੱਖ ਰੁਪਏ ਭੇਜੇ ਸੀ। ਇਹ ਪੈਸੇ ਕਤਲ ਵਾਲੇ ਦਿਨ ਕਾਰ ਵਿੱਚ ਉਹਨਾਂ ਦੇ ਕੋਲ ਸਨ। ਹਰ ਸ਼ੂਟਰ ਨੂੰ 5-5 ਲੱਖ ਰੁਪਏ ਮਿਲਣੇ ਸਨ। ਬਾਕੀ ਪੈਸੇ ਮੂਸੇਵਾਲਾ ਦੀ ਰੇਕੀ ਅਤੇ ਸ਼ਾਰਪਸ਼ੂਟਰਾਂ ਨੂੰ ਭਜਾਉਣ ਵਿੱਚ ਮਦਦ ਕਰਨ ਵਾਲਿਆਂ ਨੂੰ ਦੇਣੇ ਸਨ।
ਮੂਸੇਵਾਲਾ ਕਤਲ ਕਾਂਡ ਦੇ ਮਾਸਟਰਮਾਈਂਡ ਗੋਲਡੀ ਬਰਾੜ ਨੇ ਹਾਲ ਹੀ ਵਿੱਚ ਮਾਸਕ ਪਾ ਕੇ ਇੱਕ ਵੀਡੀਓ ਜਾਰੀ ਕੀਤੀ ਹੈ। ਜਿਸ ਵਿੱਚ ਉਨ੍ਹਾਂ ਕਿਹਾ ਕਿ ਮੂਸੇਵਾਲਾ ਨੂੰ ਮਾਰਨ ਲਈ ਕੋਈ ਪੈਸਾ ਨਹੀਂ ਦਿੱਤਾ ਗਿਆ। ਉਸਦਾ ਗੈਂਗ ਕਿਸੇ ਨੂੰ ਫਿਰੌਤੀ ਨਹੀਂ ਦਿੰਦਾ। ਜੋ ਉਨ੍ਹਾਂ ਦੇ ਇਸ਼ਾਰੇ ‘ਤੇ ਕੰਮ ਕਰਦੇ ਹਨ, ਉਨ੍ਹਾਂ ਦੀਆਂ ਲੋੜਾਂ ਜ਼ਰੂਰ ਪੂਰੀਆਂ ਕਰਦੇ ਹਨ।
ਕੈਨੇਡਾ ਬੈਠਾ ਲਾਰੈਂਸ ਗੈਂਗ ਦਾ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਟਰੱਕ ਚਲਾ ਰਿਹਾ ਹੈ। ਮੂਸੇਵਾਲਾ ਦੇ ਕਤਲ ਤੋਂ ਬਾਅਦ ਉਸ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ। ਜਿਸ ਤੋਂ ਬਾਅਦ ਉਸ ਦਾ ਰੈੱਡ ਕਾਰਨਰ ਨੋਟਿਸ (ਆਰ.ਸੀ.ਐਨ.) ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕੈਨੇਡਾ ‘ਚ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੇ ਗੋਲਡੀ ਬਰਾੜ ਦੀ ਗਲਤੀ ਨਾਲ 2 ਲੋਕਾਂ ਦੀ ਕੁੱਟਮਾਰ ਕੀਤੀ। ਜਿਸ ਤੋਂ ਬਾਅਦ ਅਸਲੀ ਗੋਲਡੀ ਬਰਾੜ ਰੂਪੋਸ਼ ਹੋ ਗਿਆ ਹੈ। ਉਸ ਨੇ ਆਪਣੇ ਸਾਰੇ ਪੁਰਾਣੇ ਨੰਬਰ ਬੰਦ ਕਰ ਦਿੱਤੇ ਹਨ। ਜਿਸ ਦੇ ਰਾਹੀਂ ਉਸ ਤੱਕ ਪਹੁੰਚਿਆ ਜਾ ਸਕਦਾ ਸੀ, ਉਸ ਨੇ ਸਾਰੇ ਨਜ਼ਦੀਕੀਆਂ ਤੋਂ ਦੂਰੀ ਬਣਾ ਲਈ ਹੈ।