ਪੱਟੀ, 10 ਅਕਤੂਬਰ 2024 – ਤਰਨਤਾਰਨ ਜ਼ਿਲ੍ਹੇ ਦੇ ਪੱਟੀ ਤੋਂ ਵੱਡੀ ਵਾਰਦਾਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਸਰਪੰਚੀ ਚੋਣਾਂ ਨੂੰ ਲੈ ਕੇ ਰੰਜਿਸ਼ ਕਾਰਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਚੇਅਰਮੈਨ ਰਣਜੀਤ ਸਿੰਘ ਚੀਮਾ ਦੇ ਘਰ ਅੰਦਰ ਗੋਲੀਆਂ ਚਲਾਈਆਂ ਗਈਆਂ ਅਤੇ ਘਰ ਦੀ ਭੰਨਤੋੜ ਕੀਤੀ ਗਈ। ਇਸ ਦੌਰਾਨ ਪਿੰਡ ਚੀਮਾ ਕਲਾਂ ਦੇ ਨਵੇਂ ਬਣੇ ਸਰਪੰਚ ਜਗਰੂਪ ਸਿੰਘ ਚੀਮਾ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਏ। ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਵਲੋਂ ਪੁਲਸ ਦੀ ਮੌਜੂਦਗੀ ‘ਚ ਵੀ ਘਰ ਅੰਦਰ ਤਾੜ ਤਾੜ ਗੋਲੀਆਂ ਚਲਾਈਆਂ ਜਾਂਦੀਆਂ ਹਨ। ਇਸ ਦੌਰਾਨ ਮੌਕੇ ‘ਤੇ ਪੁਲਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਮੌਕੇ ਸਰਪੰਚ ਦੇ ਜਗਰੂਪ ਦੇ ਭਰਾ ਨੇ ਦੱਸਿਆ ਕਿ ਜਦੋਂ ਜਗਰੂਪ ਸਿੰਘ ਚੀਮਾ ਨੂੰ ਉਮੀਦਵਾਰ ਐਲਾਨਿਆ ਸੀ, ਉਸ ਦਿਨ ਤੋਂ ਹੀ ਮੈਨੂੰ ਧਮਕੀਆਂ ਭਰੇ ਫੋਨ ਆਉਣੇ ਸ਼ੁਰੂ ਹੋ ਗਏ ਸਨ। ਜਿਸ ਤੋਂ ਬਾਅਦ ਇਸ ਦੀ ਸੂਚਨਾ ਪੁਲਸ ਨੂੰ ਵੀ ਦਿੱਤੀ ਗਈ ਸੀ ਪਰ ਅੱਜ ਮੁਲਜ਼ਮਾਂ ਦੀ ਹੱਦ ਹੋ ਗਈ ਕਿ ਉਨ੍ਹਾਂ ਨੇ ਘਰ ਆ ਕੇ ਫਾਇਰਿੰਗ ਕੀਤੀ ਜਿਸ ‘ਚ ਸਰਪੰਚ ਜਗਰੂਪ ਸਿੰਘ ਚੀਮਾ ਗੰਭੀਰ ਜ਼ਖ਼ਮੀ ਹੋ ਗਏ ਹਨ।