ਮੋਹਾਲੀ, 12 ਮਈ 2022 – ਪੰਜਾਬ ਦੇ ਮੋਹਾਲੀ ਜ਼ਿਲੇ ‘ਚ ਸਥਿਤ ਪੰਜਾਬ ਪੁਲਸ ਦੇ ਇੰਟੈਲੀਜੈਂਸ ਹੈੱਡ ਕੁਆਰਟਰ ‘ਤੇ ਗ੍ਰੇਨੇਡ ਹਮਲੇ ਦੀ ਘਟਨਾ ਤੋਂ ਬਾਅਦ ਵੀਰਵਾਰ ਸਵੇਰੇ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਗੋਲੀਬਾਰੀ ਹੈੱਡ ਕੁਆਟਰ ਤੋਂ ਸਿਰਫ਼ ਸਾਢੇ 6 ਕਿਲੋਮੀਟਰ ਦੂਰ ਸੈਕਟਰ 82 ਦੇ ਫਾਲਕਨ ਵਿਊ ਵਿੱਚ ਇੱਕ ਫਲੈਟ ਵਿੱਚ ਹੋਈ ਹੈ। ਹਾਲਾਂਕਿ ਗੋਲੀਬਾਰੀ ‘ਚ ਕੋਈ ਜ਼ਖਮੀ ਨਹੀਂ ਹੋਇਆ ਪਰ ਪੰਜਾਬ ਪੁਲਸ ਵਿਭਾਗ ‘ਚ ਇਕ ਵਾਰ ਫਿਰ ਹੜਕੰਪ ਮਚ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਹਾਊਸਿੰਗ ਸੁਸਾਇਟੀ ਦੇ ਇੱਕ ਫਲੈਟ ਵਿੱਚ ਕੁਝ ਨੌਜਵਾਨ ਰਹਿ ਰਹੇ ਹਨ। ਉਹ ਰਾਤ ਨੂੰ ਵਿਆਹ ਸਮਾਗਮ ਲਈ ਆਏ ਸੀ, ਜਿਸ ਤੋਂ ਬਾਅਦ ਉਹ ਫਲੈਟ ‘ਤੇ ਆ ਗਏ। ਫਲੈਟ ਵਿੱਚ ਕਰੀਬ 6 ਲੋਕ ਠਹਿਰੇ ਸਨ। ਸਵੇਰੇ 5.20 ਵਜੇ ਦੇ ਕਰੀਬ ਉਨ੍ਹਾਂ ‘ਚੋਂ ਇਕ ਨੇ 4 ਰਾਊਂਡ ਫਾਇਰ ਕੀਤੇ। ਗੋਲੀਬਾਰੀ ਕਾਰਨ ਸੁਸਾਇਟੀ ਵਿੱਚ ਰਹਿੰਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣ ਗਿਆ।
ਜਿਸ ਦੀ ਸੁਰੱਖਿਆ ਗਾਰਡ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਦੇ ਹੀ ਸੁਰੱਖਿਆ ਗਾਰਡ ਮੌਕੇ ‘ਤੇ ਪਹੁੰਚਿਆ ਤਾਂ ਫਲੈਟ ‘ਚ ਰਹਿਣ ਵਾਲੇ ਵਿਅਕਤੀਆਂ ਨੇ ਕਿਹਾ ਕਿ ਉਨ੍ਹਾਂ ਨੇ ਪਟਾਕੇ ਚਲਾਏ ਸੀ। ਸਵੇਰੇ ਕਰੀਬ 6.30 ਵਜੇ ਫਿਰ 6 ਰਾਊਂਡ ਫਾਇਰ ਕੀਤੇ ਗਏ। ਇਸ ਵਾਰ ਸੁਸਾਇਟੀ ਦੇ ਲੋਕਾਂ ਨੇ ਮੌਕੇ ‘ਤੇ ਪੁਲਿਸ ਨੂੰ ਬੁਲਾਇਆ। ਜਾਣਕਾਰੀ ਅਨੁਸਾਰ ਹੁਣ ਤੱਕ 6 ‘ਚੋਂ 4 ਵਿਅਕਤੀ ਫਰਾਰ ਹੋ ਚੁੱਕੇ ਹਨ ਅਤੇ 2 ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਇੱਕ ਵਿਅਕਤੀ ਨੇ ਇੱਥੇ 70 ਹਜ਼ਾਰ ਰੁਪਏ ਵਿੱਚ ਕਿਰਾਏ ’ਤੇ ਫਲੈਟ ਲਿਆ ਸੀ। ਪਾਰਟੀ ਕਰਦੇ ਸਮੇਂ ਉਨ੍ਹਾਂ ਨੂੰ ਕੱਢ ਦਿੱਤਾ ਗਿਆ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ। ਸੁਸਾਇਟੀ ਦੀ ਦਸਵੀਂ ਮੰਜ਼ਿਲ ‘ਤੇ ਬਣੇ ਫਲੈਟ ‘ਚ ਗੋਲੀਆਂ ਚੱਲੀਆਂ। ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਜਾਣਕਾਰੀ ‘ਚ ਪਤਾ ਲੱਗਾ ਹੈ ਕਿ ਗੋਲੀ ਚਲਾਉਣ ਵਾਲੇ ਦੋਸ਼ੀ ਨੇ ਅੰਬਾਲਾ ‘ਚ ਵੀ ਅਪਰਾਧਿਕ ਵਾਰਦਾਤ ਨੂੰ ਅੰਜਾਮ ਦਿੱਤਾ ਹੈ | ਪੁਲੀਸ ਨੇ ਮੁਲਜ਼ਮ ਦੀ ਚੰਡੀਗੜ੍ਹ ਨੰਬਰ ਵਾਲੀ ਗੱਡੀ ਦੀ ਵੀ ਜਾਂਚ ਕੀਤੀ ਜੋ ਸੁਸਾਇਟੀ ਦੀ ਪਾਰਕਿੰਗ ਵਿੱਚ ਖੜ੍ਹੀ ਹੈ।