ਲੁਧਿਆਣਾ, 14 ਸਤੰਬਰ 2022 – ਲੁਧਿਆਣਾ ਸ਼ਹਿਰ ਵਿੱਚ ਇੱਕ ਵਾਰ ਫਿਰ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਹਿਰ ਦੇ ਗੈਂਗਸਟਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਹਨ ਪਰ ਪੁਲਿਸ ਇਸ ਮਾਮਲੇ ਵਿੱਚ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ। ਮਿਲੀ ਜਾਣਕਾਰੀ ਅਨੁਸਾਰ ਥਾਣਾ ਡਿਵੀਜ਼ਨ ਨੰਬਰ 3 ਦੇ ਇਲਾਕੇ ਵਿੱਚ ਲਗਾਤਾਰ ਗੈਂਗ ਵਾਰ ਚੱਲ ਰਹੀ ਹੈ। ਅੱਜ ਸਵੇਰੇ ਬਰਾਂਚ ’ਤੇ ਆਏ ਲੋਕਾਂ ਨੇ ਗੋਲੀਆਂ ਦੇ ਖੋਲ ਦੇਖੇ ਅਤੇ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ।
ਘਟਨਾ ਕਿਦਵਈ ਨਗਰ ਦੇ ਸ਼ਹੀਦੀ ਪਾਰਕ ਦੀ ਹੈ। ਦੇਰ ਰਾਤ ਕੁਝ ਨੌਜਵਾਨਾਂ ਨੇ ਪਾਰਕ ਵਿੱਚ ਹੰਗਾਮਾ ਕਰ ਦਿੱਤਾ। ਜਦੋਂ ਸਵੇਰੇ ਆਰਐਸਐਸ ਦੇ ਵਲੰਟੀਅਰ ਬਰਾਂਚ ਵਿੱਚ ਪੁੱਜੇ ਤਾਂ ਉਨ੍ਹਾਂ ਨੇ ਬਰਾਂਚ ਵਾਲੀ ਥਾਂ ਦੀ ਸਫ਼ਾਈ ਕਰਨੀ ਸ਼ੁਰੂ ਕਰ ਦਿੱਤੀ। ਸਫ਼ਾਈ ਦੌਰਾਨ ਉਨ੍ਹਾਂ ਨੂੰ ਪਾਰਕ ਵਿੱਚੋਂ ਗੋਲੀਆਂ ਦੇ ਤਿੰਨ ਖੋਲ ਮਿਲੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਪੁਲੀਸ ਵੱਲੋਂ ਕੋਈ ਗਸ਼ਤ ਨਹੀਂ ਕੀਤੀ ਜਾ ਰਹੀ। ਹਰ ਰੋਜ਼ ਪਾਰਕ ਵਿੱਚ ਦਿਨ ਭਰ ਬਿਨਾ ਮਤਾਬ ਤੋਂ ਨੌਜਵਾਨਾਂ ਦਾ ਇਕੱਠ ਰਹਿੰਦਾ ਹੈ।
ਏਸੀਪੀ ਰਮਨਜੀਤ ਸਿੰਘ ਭੁੱਲਰ ਅਤੇ ਥਾਣਾ ਡਵੀਜ਼ਨ ਨੰਬਰ 3 ਦੇ ਐਸਐਚਓ ਸੁਖਦੇਵ ਸਿੰਘ ਮੌਕੇ ’ਤੇ ਪੁੱਜੇ। ਪੁਲਿਸ ਦੇ ਨਾਲ ਕ੍ਰਾਈਮ ਬ੍ਰਾਂਚ ਦਾ ਸਟਾਫ ਵੀ ਮੌਜੂਦ ਸੀ। ਪੁਲਿਸ ਪਾਰਕ ਦੇ ਆਲੇ-ਦੁਆਲੇ ਦੇ ਸਾਰੇ ਘਰਾਂ ਦੇ ਸੀਸੀਟੀਵੀ ਦੀ ਜਾਂਚ ਕਰ ਰਹੀ ਹੈ। ਇਲਾਕਾ ਵਾਸੀਆਂ ਦਾ ਦੋਸ਼ ਹੈ ਕਿ ਪੁਲੀਸ ਸੁਰੱਖਿਆ ਯਕੀਨੀ ਬਣਾਉਣ ਵਿੱਚ ਨਾਕਾਮ ਰਹੀ ਹੈ।
2016 ਵਿੱਚ ਇਸ ਪਾਰਕ ਵਿੱਚ ਆਰਐਸਐਸ ਵਾਲੰਟੀਅਰਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ। ਹੁਣ ਪੁਲਸ ਕਈ ਥਿਊਰੀਆਂ ‘ਤੇ ਕੰਮ ਕਰ ਰਹੀ ਹੈ। ਕਿਉਂਕਿ ਜਨਵਰੀ 2016 ਵਿੱਚ ਇਸੇ ਪਾਰਕ ਵਿੱਚ ਬਰਾਂਚ ਵਿੱਚ ਸ਼ਾਮਲ ਲੋਕਾਂ ਨੂੰ ਗੋਲੀ ਲੱਗੀ ਸੀ, ਪਰ ਉਹ ਬਚ ਗਏ ਸਨ। ਇਸ ਕਾਰਨ ਪੁਲਿਸ ਆਰਐਸਐਸ ਦੇ ਮੈਂਬਰਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ।
ਘਟਨਾ ਵਾਲੀ ਥਾਂ ‘ਤੇ ਮੌਜੂਦ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਬੀਤੀ ਰਾਤ 12 ਵਜੇ ਦੇ ਕਰੀਬ ਪਾਰਕ ‘ਚੋਂ ਰੌਲਾ-ਰੱਪਾ ਆ ਰਿਹਾ ਸੀ ਪਰ ਘਬਰਾਹਟ ਕਾਰਨ ਕੋਈ ਵੀ ਘਰੋਂ ਬਾਹਰ ਨਹੀਂ ਨਿਕਲਿਆ |
ਅੱਜ ਸਵੇਰੇ ਜਦੋਂ ਪੁਲੀਸ ਜਾਂਚ ਲਈ ਪੁੱਜੀ ਤਾਂ ਲੋਕਾਂ ਨੇ ਪੁਲੀਸ ਨੂੰ ਪਾਰਕ ਵਿੱਚ ਕੇਕ ਪਿਆ ਹੋਇਆ ਦਿਖਾਇਆ। ਪੁਲਿਸ ਨੂੰ ਕੇਕ ਦਾ ਡੱਬਾ ਅਤੇ ਉਸ ਦੁਕਾਨ ਦਾ ਕਾਰਡ ਮਿਲਿਆ ਜਿਸ ਤੋਂ ਕੇਕ ਆਇਆ ਸੀ। ਪੁਲੀਸ ਦੁਕਾਨਦਾਰ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਦੁਕਾਨ ਵਿੱਚ ਲੱਗੇ ਸੀਸੀਟੀਵੀ ਵੀ ਚੈੱਕ ਕਰ ਰਹੀ ਹੈ। ਡਾਗ ਸਕੁਐਡ ਅਤੇ ਫਿੰਗਰ ਐਕਸਪਰਟ ਟੀਮ ਮੌਕੇ ‘ਤੇ ਪਹੁੰਚ ਗਈ। ਅਧਿਕਾਰੀਆਂ ਮੁਤਾਬਕ ਮਾਮਲੇ ਦੀ ਜਾਂਚ ਅਜੇ ਜਾਰੀ ਹੈ। ਪਾਰਕ ਵਿੱਚ ਸਰਚ ਆਪਰੇਸ਼ਨ ਜਾਰੀ ਹੈ।