ਸ਼ੰਭੂ ਬਾਰਡਰ, 1 ਮਾਰਚ 2024 – ਕਿਸਾਨ ਅੰਦੋਲਨ ਦੇ 17ਵੇਂ ਦਿਨ ਦਿੱਲੀ ਵੱਲ ਕਿਸਾਨ ਮਾਰਚ ਨੂੰ ਲੈ ਕੇ ਕੋਈ ਨਵਾਂ ਐਲਾਨ ਨਹੀਂ ਹੋਇਆ। 21 ਫਰਵਰੀ ਨੂੰ ਖਨੌਰੀ ਸਰਹੱਦ ‘ਤੇ ਸ਼ੁਭਕਰਨ ਦੀ ਹੋਈ ਮੌਤ ਦੇ ਮਾਮਲੇ ‘ਚ ਪੰਜਾਬ ਪੁਲਿਸ ਵੱਲੋਂ ਕਤਲ ਦੀ ਐਫਆਈਆਰ ਦਰਜ ਕਰਨ ਤੋਂ ਬਾਅਦ, ਕਿਸਾਨ ਸ਼ੁਭਕਰਨ ਦਾ ਅੰਤਿਮ ਸੰਸਕਾਰ ਵੀਰਵਾਰ ਨੂੰ ਬਠਿੰਡਾ ‘ਚ ਉਸ ਦੇ ਜੱਦੀ ਪਿੰਡ ‘ਚ ਕਰ ਦਿੱਤਾ ਗਿਆ।
ਸ਼ੁਭਕਰਨ ਦੇ ਅੰਤਿਮ ਸਸਕਾਰ ‘ਚ ਪਹੁੰਚੇ ਕਿਸਾਨ ਆਗੂ ਸਰਵਨ ਪੰਧੇਰ ਅਤੇ ਜਗਜੀਤ ਡੱਲੇਵਾਲ ਨੇ ਦੱਸਿਆ ਕਿ ਸ਼ੁਭਕਰਨ ਦੀ ਆਤਮਿਕ ਸ਼ਾਂਤੀ ਲਈ 3 ਮਾਰਚ ਨੂੰ ਅਰਦਾਸ ਕੀਤੀ ਜਾਵਗੀ ਅਤੇ ਉਸ ਦੀ ਆਤਮਿਕ ਸ਼ਾਂਤੀ ਲਈ ਅਖੰਡ ਪਾਠ ਦੇ ਭੋਗ ਪਾਏ ਜਾਣਗੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਦਿੱਲੀ ਮਾਰਚ ਬਾਰੇ ਇਸ ਵੇਲੇ ਗੱਲ ਕਰਨ ਦਾ ਮਾਹੌਲ ਠੀਕ ਨਹੀਂ ਹੈ।
ਫਿਲਹਾਲ ਪੰਜਾਬ-ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਕਿਸਾਨ ਡਟੇ ਰਹਿਣਗੇ। ਅੰਦੋਲਨ ਅਜੇ ਖਤਮ ਨਹੀਂ ਹੋਵੇਗਾ। ਕਿਸਾਨਾਂ ਦੀ ਘੱਟੋ-ਘੱਟ ਸਮਰਥਨ ਮੁੱਲ ‘ਤੇ ਖ਼ਰੀਦ ਦੀ ਗਾਰੰਟੀ, ਡਾ: ਸਵਾਮੀਨਾਥਨ ਕਮਿਸ਼ਨ ਦੇ ਫ਼ੈਸਲੇ ਅਨੁਸਾਰ ਫ਼ਸਲਾਂ ਦੇ ਭਾਅ ਅਤੇ ਕਿਸਾਨਾਂ-ਮਜ਼ਦੂਰਾਂ ਦੀ ਕਰਜ਼ਾ ਮੁਆਫ਼ੀ ਦਾ ਕਾਨੂੰਨ ਬਣਨ ਤੱਕ ਅੰਦੋਲਨ ਜਾਰੀ ਰਹੇਗਾ।