ਚੰਡੀਗੜ੍ਹ, 8 ਨਵੰਬਰ 2023 – ਭਾਰਤ ਦੀ ਕ੍ਰਿਕਟ ਟੀਮ ‘ਚ ਖੇਡ ਰਹੇ ਪੰਜਾਬ ਦੇ ਸ਼ੁਭਮਨ ਗਿੱਲ ਨੇ ਇੱਕ ਵੱਡੀ ਸਫਲਤਾ ਹਾਸਿਲ ਕੀਤੀ ਹੈ। ਆਈਸੀਸੀ ਵੱਲੋਂ ਸਾਂਝੀ ਕੀਤੀ ਗਈ ਨਵੀਂ ਰੈੰਕਿੰਗ ਦੇ ਮੁਤਾਬਕ ਸ਼ੁਭਮਨ ਗਿੱਲ ਵਨਡੇ ਵਿੱਚ ਦੁਨੀਆ ਦਾ ਨੰਬਰ 1 ਬੱਲੇਬਾਜ਼ ਬਣ ਗਿਆ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਦੇ ਬਾਬਰ ਆਜ਼ਮ ਵਨਡੇ ਕ੍ਰਿਕੇਟ ਵਿੱਚ ਨੰਬਰ 1 ਬੱਲੇਬਾਜ ਸਨ ਪਰ ਹੁਣ ਉਨ੍ਹਾਂ ਤੋਂ ਇਹ ਖਿਤਾਬ ਸ਼ੁਭਮਨ ਨੇ ਹਾਸਿਲ ਕਰ ਲਿਆ ਹੈ। ਦੱਸਣਯੋਗ ਹੈ ਕਿ 830 ਪੁਆਇੰਟਾਂ ਨਾਲ ਸ਼ੁਭਮਨ ਗਿੱਲ ਸਿਖਰ ‘ਤੇ ਹਨ ਜਦਕਿ ਦੂਜੇ ਥਾਂ ‘ਤੇ 824 ਪੁਆਇੰਟਾਂ ਨਾਲ ਪਾਕਿਸਤਾਨ ਦੇ ਬਾਬਰ ਆਜ਼ਮ ਬਣੇ ਹੋਏ ਹਨ।
ਤੀਜੇ ਰੈਂਕ ‘ਤੇ ਦੱਖਣ ਅਫ਼ਰੀਕਾ ਦੇ ਕੁਇੰਟਨ ਡੀ ਕਾਕ ਹਨ, ਜਿਨ੍ਹਾਂ ਨੇ ਵਿਸ਼ਵ ਕੱਪ 2023 ਵਿੱਚ ਬੱਲੇ ਤੋਂ ਸ਼ਾਨਦਾਰ ਪ੍ਰਦਰਸ਼ਨ ਦਿੱਤਾ ਹੈ। ਇੰਨਾ ਹੀ ਨਹੀਂ ਬਲਕਿ ਉਹ ਇਸ ਸਾਲ ਵਿਸ਼ਵ ਕੱਪ ‘ਚ ਸਭ ਤੋਂ ਵੱਧ ਰਨ ਬਣਾਉਣ ਵਾਲੇ ਬੱਲੇਬਾਜਾਂ ਦੀ ਸੂਚੀ ‘ਚ ਪਹਿਲੀ ਥਾਂ ‘ਤੇ ਹਨ ਜਦਕਿ ਦੂਜੇ ‘ਤੇ ਵਿਰਾਟ ਕੋਹਲੀ ਦਾ ਨਾਮ ਹੈ।