- ਰੋਜ਼ ਗਾਰਡਨ, ਰਾਕ ਗਾਰਡਨ ਅਤੇ ਸੁਖਨਾ ਝੀਲ ਲਈ ਮਿਲੇਗੀ ਸਹੂਲਤ,
- ਹਰ 5 ਮਿੰਟ ਬਾਅਦ ਸਵੇਰੇ 11:00 ਵਜੇ ਤੋਂ ਰਾਤ 8:00 ਵਜੇ ਤੱਕ ਮਿਲੇਗੀ ਸਹੂਲਤ
ਚੰਡੀਗੜ੍ਹ, 18 ਨਵੰਬਰ 2023 – ਵੀਕਐਂਡ ਅਤੇ ਜਨਤਕ ਛੁੱਟੀ ਵਾਲੇ ਦਿਨ ਚੰਡੀਗੜ੍ਹ ਵਿੱਚ ਸੈਲਾਨੀਆਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਅੱਜ ਤੋਂ ਸ਼ਟਲ ਬੱਸ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਇਹ ਬੱਸ ਰੋਜ਼ ਗਾਰਡਨ, ਰੌਕ ਗਾਰਡਨ ਅਤੇ ਸੁਖਨਾ ਝੀਲ ਲਈ ਰੋਜ਼ਾਨਾ ਉਪਲਬਧ ਹੋਵੇਗੀ। ਸ਼ਟਲ ਬੱਸ ਹਰ 5 ਮਿੰਟ ਬਾਅਦ ਸਵੇਰੇ 11:00 ਵਜੇ ਤੋਂ ਰਾਤ 8:00 ਵਜੇ ਤੱਕ ਚੱਲੇਗੀ। ਇਹ ਰੋਜ਼ ਗਾਰਡਨ ਦੇ ਸਾਹਮਣੇ, ਸੈਕਟਰ-9 ਸਰਕਾਰੀ ਇਮਾਰਤ ਦੇ ਪਿੱਛੇ, ਰੌਕ ਗਾਰਡਨ ਅਤੇ ਸੁਖਨਾ ਝੀਲ ਦੇ ਕੋਲ ਚੱਲੇਗੀ। ਇਸ ਦਾ ਕਿਰਾਇਆ 10 ਰੁਪਏ ਹੋਵੇਗਾ।
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਨਵੇਂ ਰੂਟ ਪਲਾਨ ਮੁਤਾਬਕ ਵੀਕਐਂਡ ‘ਤੇ ਵਾਹਨਾਂ ਨੂੰ ਜਨ ਮਾਰਗ ਅਤੇ ਵਿਗਿਆਨ ਮਾਰਗ ‘ਤੇ ਸਿਰਫ਼ ਗ੍ਰੀਨ ਰੂਟ ਰਾਹੀਂ ਹੀ ਦਾਖ਼ਲ ਹੋਣ ਦਿੱਤਾ ਜਾਵੇਗਾ। ਸੁਖਨਾ ਝੀਲ ‘ਤੇ ਪੁਆਇੰਟ ਏ ਤੋਂ ਪੁਆਇੰਟ ਬੀ ਤੱਕ ਕੋਈ ਵਾਹਨ ਜ਼ੋਨ ਨਹੀਂ ਹੋਵੇਗਾ। ਵਾਪਸ ਮੁੜਨ ਲਈ ਵੱਖਰਾ ਰਸਤਾ ਵੀ ਬਣਾਇਆ ਗਿਆ ਹੈ। ਸੈਕਟਰ 5/6/7/8 ਚੌਕ, ਸੈਕਟਰ 5/8 ਚੌਕ, ਸੈਕਟਰ 4/5/8/9 ਚੌਕ, ਸੈਕਟਰ 4 ਟੈਂਕੀ ਮੋਡ ਤੋਂ ਕੋਈ ਵੀ ਵਾਹਨ ਸਿੱਧਾ ਸੁਖਨਾ ਝੀਲ ਵੱਲ ਨਹੀਂ ਆ ਸਕੇਗਾ। ਸਿਰਫ ਸੈਕਟਰ 4 ਅਤੇ 5 ਦੇ ਵਸਨੀਕ ਹੀ ਨਿੱਕਲ ਸਕਦੇ ਹਨ। ਤਿੰਨਾਂ ਸੈਰ-ਸਪਾਟਾ ਸਥਾਨਾਂ ਦੇ ਆਲੇ-ਦੁਆਲੇ ਸੜਕ ਨੂੰ ਟੋ-ਅਵੇ ਜ਼ੋਨ ਬਣਾ ਦਿੱਤਾ ਗਿਆ ਹੈ।
ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਨੀਵਾਰ ਅਤੇ ਜਨਤਕ ਛੁੱਟੀ ਵਾਲੇ ਦਿਨ ਟ੍ਰੈਫਿਕ ਜਾਮ ਦੀ ਸਮੱਸਿਆ ਤੋਂ ਬਚਣ ਲਈ ਇਹ ਫੈਸਲਾ ਲਿਆ ਹੈ। ਸ਼ਨੀਵਾਰ ਅਤੇ ਐਤਵਾਰ ਨੂੰ ਸ਼ਹਿਰ ਦੇ ਸੈਰ-ਸਪਾਟਾ ਸਥਾਨਾਂ ‘ਤੇ ਵੱਡੀ ਗਿਣਤੀ ‘ਚ ਸੈਲਾਨੀ ਆਉਂਦੇ ਹਨ। ਚੰਡੀਗੜ੍ਹ ਸਮੇਤ ਹੋਰਨਾਂ ਸੂਬਿਆਂ ਤੋਂ ਵੀ ਸੈਲਾਨੀ ਆਉਂਦੇ ਹਨ। ਵੀਕਐਂਡ ‘ਤੇ ਰੋਕ ਗਾਰਡਨ ਬਰਡ ਪਾਰਕ ਅਤੇ ਸੁਖਨਾ ਝੀਲ ਦੇ ਆਲੇ-ਦੁਆਲੇ ਜ਼ਿਆਦਾ ਵਾਹਨਾਂ ਕਾਰਨ ਉੱਤਰੀ ਮਾਰਗ ਅਤੇ ਵਿਗਿਆਨ ਮਾਰਗ ‘ਤੇ ਜਾਮ ਲੱਗ ਗਿਆ। ਆਲੇ-ਦੁਆਲੇ ਦੇ ਸੈਕਟਰਾਂ ਵਿੱਚ ਵੀ ਟ੍ਰੈਫਿਕ ਜਾਮ ਦੀ ਸਮੱਸਿਆ ਰਹੀ। ਹੁਣ ਪ੍ਰਸ਼ਾਸਨ ਨੇ ਇਨ੍ਹਾਂ ਸੈਰ-ਸਪਾਟਾ ਸਥਾਨਾਂ ‘ਤੇ ਪਹੁੰਚਣ ਲਈ ਨਕਸ਼ਾ ਜਾਰੀ ਕੀਤਾ ਹੈ, ਤਾਂ ਜੋ ਲੋਕ ਟ੍ਰੈਫਿਕ ਜਾਮ ‘ਚ ਨਾ ਫਸਣ।