ਫਗਵਾੜਾ, 7 ਸਤੰਬਰ 2025 – ਫਗਵਾੜਾ ਦੇ ਪਿੰਡ ਦੁੱਗਾ ਨੇੜੇ ਪਾਣੀ ਨਾਲ ਭਰੀ ਵੇਈਂ ਦੇ ਤੇਜ਼ ਵਹਾਅ ਵਿੱਚ ਸਕੇ ਭੈਣ-ਭਰਾ ਦੀ ਡੁੱਬਣ ਨਾਲ ਮੌਤ ਹੋ ਜਾਣ ਦੀ ਦੁਖਦ ਸੂਚਨਾ ਮਿਲੀ ਹੈ। ਮ੍ਰਿਤਕਾਂ ਦੀ ਪਛਾਣ ਸੰਦੀਪ ਕੁਮਾਰ ਉਰਫ਼ ਦੀਪੂ (37 ਸਾਲ) ਅਤੇ ਪ੍ਰੀਤੀ (27 ਸਾਲ) ਵਾਸੀ ਪਿੰਡ ਉੱਚਾ ਵਜੋਂ ਹੋਈ ਹੈ। ਮੌਕੇ ‘ਤੇ ਮੌਜੂਦ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਮ੍ਰਿਤਕ ਭੈਣ-ਭਰਾ ਸਾਈਕਲ ‘ਤੇ ਸਵਾਰ ਹੋ ਕੇ ਦਵਾਈ ਲੈਣ ਲਈ ਪਿੰਡ ਰਾਣੀਪੁਰ ਜਾ ਰਹੇ ਸਨ ਕਿ ਇਸੇ ਦੌਰਾਨ ਪਿੰਡ ਦੁੱਗਾ ਅਤੇ ਪਿੰਡ ਜਗਪਾਲਪੁਰ ਦੇ ਵਿਚਕਾਰ ਵਗਦੀ ਪਾਣੀ ਦੀ ਵੇਈਂ ਦੇ ਪੁਲ ਨੂੰ ਪਾਰ ਕਰਦੇ ਸਮੇਂ ਉਨ੍ਹਾਂ ਦਾ ਸਾਈਕਲ ਪੁਲ ‘ਤੇ ਆਏ ਹੋਏ ਪਾਣੀ ‘ਚ ਫਸ ਗਿਆ ਅਤੇ ਦੋਵਾਂ ਦੀ ਮੌਕੇ ‘ਤੇ ਹੀ ਪਾਣੀ ਦੇ ਤੇਜ਼ ਵਹਾਅ ‘ਚ ਫਸਣ ਤੋਂ ਬਾਅਦ ਇਸ ‘ਚ ਡੁੱਬ ਜਾਣ ਕਾਰਨ ਮੌਤ ਹੋ ਗਈ।
ਇਸ ਮੌਕੇ ਵਿਧਾਇਕ ਧਾਲੀਵਾਲ ਨੇ ਦੱਸਿਆ ਕਿ ਮ੍ਰਿਤਕ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧਤ ਸਨ। ਉਨ੍ਹਾਂ ਪੰਜਾਬ ਸਰਕਾਰ, ਜ਼ਿਲ੍ਹਾ ਕਪੂਰਥਲਾ ਅਤੇ ਫਗਵਾੜਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਦੁੱਖ ਦੀ ਘੜੀ ਵਿੱਚ ਮ੍ਰਿਤਕਾਂ ਦੇ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇ ਅਤੇ ਸਰਕਾਰੀ ਨਿਯਮਾਂ ਅਨੁਸਾਰ ਮੁਆਵਜ਼ਾ ਦਿੱਤਾ ਜਾਵੇ। ਇਸ ਦੌਰਾਨ ਪੁਲਸ ਨੇ ਦੋਵਾਂ ਮ੍ਰਿਤਕ ਭੈਣ-ਭਰਾ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ‘ਚ ਭੇਜ ਦਿੱਤਾ ਹੈ। ਫਗਵਾੜਾ ‘ਚ ਵਾਪਰੀ ਇਸ ਦੁਖਦ ਘਟਨਾ ਤੋਂ ਬਾਅਦ ਪਿੰਡ ਉੱਚਾ, ਪਿੰਡ ਦੁੱਗਾ, ਪਿੰਡ ਜਗਪਾਲਪੁਰ ਸਮੇਤ ਆਸਪਾਸ ਦੇ ਕਈ ਪਿੰਡਾਂ ਅਤੇ ਸ਼ਹਿਰੀ ਇਲਾਕਿਆਂ ‘ਚ ਸੋਗ ਦੀ ਡੂੰਘੀ ਲਹਿਰ ਪਾਈ ਜਾ ਰਹੀ ਹੈ।

