ਦਾ ਐਡੀਟਰ ਨਿਊਜ਼, ਮਾਨਸਾ, 11 ਜਨਵਰੀ 2025 – ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਪੇਸ਼ ਨਾ ਹੋਣ ’ਤੇ ਉਨ੍ਹਾਂ ਦੀ ਗਵਾਹੀ ਸ਼ੁੱਕਰਵਾਰ ਨੂੰ ਨਹੀਂ ਹੋ ਸਕੀ। ਜ਼ਿਲ੍ਹਾ ਅਤੇ ਸੈਸ਼ਨ ਜੱਜ ਮਾਨਸਾ ਦੀ ਅਦਾਲਤ ਨੇ ਉਨ੍ਹਾਂ ਦੀ ਅਗਲੀ ਪੇਸ਼ੀ ਗਵਾਹੀ ਵਾਸਤੇ 7 ਫਰਵਰੀ ਨੂੰ ਨਿਰਧਾਰਿਤ ਕੀਤੀ ਹੈ।
ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਜ਼ਿਲਾ ਅਤੇ ਸੈਸ਼ਨ ਜੱਜ ਐੱਚ. ਐੱਸ. ਗਰੇਵਾਲ ਮਾਨਸਾ ਦੀ ਅਦਾਲਤ ਵਿਚ ਸਿੱਧੂ ਮੂਸੇਵਾਲਾ ’ਤੇ ਹਮਲੇ ਦੌਰਾਨ ਮੌਜੂਦ ਨੌਜਵਾਨਾਂ ਦੀ ਗਵਾਹੀ ਹੋਣ ਤੋਂ ਬਾਅਦ ਅਦਾਲਤ ਨੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਮਲੇ ਦੇ ਜਾਂਚ ਅਫਸਰ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ ਕਿ ਉਹ 7 ਫਰਵਰੀ ਨੂੰ ਅਦਾਲਤ ਵਿਚ ਪੇਸ਼ ਹੋਣ। ਵਕੀਲ ਸਤਿੰਦਰਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਉਕਤ ਅਦਾਲਤ ਨੇ ਕੇਸ ਦੇ ਮੁਲਜ਼ਮਾਂ ਦੀ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ 17 ਜਨਵਰੀ ਨੂੰ ਰੱਖੀ ਹੈ।