ਮਾਨਸਾ, 9 ਨਵੰਬਰ 2024 : ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਅਗਲੀ ਸੁਣਵਾਈ 27 ਨਵੰਬਰ 2024 ਨੂੰ ਹੋਵੇਗੀ। ਐਡਵੋਕੇਟ ਸਤਿੰਦਰਪਾਲ ਸਿੰਘ ਮਿੱਤਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਮਾਨਸਾ ਦੀ ਅਦਾਲਤ ’ਚ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਸੁਣਵਾਈ ਹੋਈ ਸੀ। ਪਿਛਲੀ ਪੇਸ਼ੀ ਦੌਰਾਨ ਅਦਾਲਤ ਦੁਆਰਾ ਗਵਾਹਾਂ ਨੂੰ ਸੰਮਨ ਜਾਰੀ ਕੀਤੇ ਗਏ ਸਨ, ਪਰ ਉਹ ਅੱਜ ਕਿਸੇ ਕਾਰਨ ਪੇਸ਼ ਨਹੀਂ ਹੋਏ ਅਤੇ ਮੁਲਜ਼ਮਾਂ ਦੀ ਵੀਡਿਉ ਕਾਨਫ੍ਰੈਸਿੰਗ ਦੇ ਮਾਧਿਅਮ ‘ਚ ਪੇਸ਼ੀ ਕਰਵਾਈ ਗਈ। ਅਦਾਲਤ ਨੇ ਗਵਾਹੀ ਲਈ ਅਗਲੀ ਸੁਣਵਾਈ 27 ਨਵੰਬਰ 2024 ਨੂੰ ਰੱਖੀ ਹੈ।
ਸਿੱਧੂ ਮੂਸੇਵਾਲਾ ਦੇ ਨਾਂ ਨਾਲ ਮਸ਼ਹੂਰ ਸ਼ੁਭਦੀਪ ਸਿੰਘ ਸਿੱਧੂ ਦੀ 29 ਮਈ 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੰਜਾਬ ਸਰਕਾਰ ਅਨੁਸਾਰ ਇਸ ਮਾਮਲੇ ਵਿੱਚ ਹੁਣ ਤੱਕ 29 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਵਿੱਚੋਂ ਦੋ ਮੁਲਜ਼ਮ ਮੁਕਾਬਲੇ ਵਿੱਚ ਮਾਰੇ ਗਏ ਸਨ ਅਤੇ 5 ਨੂੰ ਭਾਰਤ ਤੋਂ ਬਾਹਰੋਂ ਲਿਆਂਦਾ ਜਾਣਾ ਹੈ। ਇਸ ਦੇ ਲਈ ਸੂਬਾ ਸਰਕਾਰ ਕੇਂਦਰ ਅਤੇ ਹੋਰ ਏਜੰਸੀਆਂ ਦੇ ਸੰਪਰਕ ਵਿੱਚ ਹੈ। ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁੱਖ ਮੁਲਜ਼ਮ ਲਾਰੈਂਸ ਗੈਂਗ ਦਾ ਗੋਲਡੀ ਬਰਾੜ ਹੈ।