- 20 ਮਾਰਚ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਵੇਗੀ ਮੀਟਿੰਗ
ਚੰਡੀਗੜ੍ਹ, 7 ਮਾਰਚ 2023 – ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨਾਲ ਮੀਟਿੰਗ ਮਗਰੋਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਮੂਹਰੇ ਤੋਂ ਆਪਣਾ ਧਰਨਾ ਖਤਮ ਕਰ ਦਿੱਤਾ ਹੈ। ਮੰਤਰੀ ਧਾਲੀਵਾਲ ਨੇ ਉਹਨਾਂ ਨੂੰ ਭਰੋਸਾ ਦੁਆਇਆ ਹੈ ਕਿ 20 ਮਾਰਚ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਹਨਾਂ ਦੀ ਮੀਟਿੰਗ ਕਰਵਾਈ ਜਾਵੇਗੀ।
ਅੱਜ ਸਵੇਰੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਪੰਜਾਬ ਵਿਧਾਨ ਸਭਾ ਦੇ ਬਾਹਰ ਧਰਨੇ ‘ਤੇ ਬੈਠ ਗਏ ਸਨ। ਉਨ੍ਹਾਂ ਨਾਲ ਪਤਨੀ ਚਰਨ ਕੌਰ ਵੀ ਮੌਜੂਦ ਸਨ। ਬਲਕੌਰ ਸਿੰਘ ਨੇ ਆਪਣੇ ਪੁੱਤਰ ਦੇ ਕਾਤਲਾਂ ਨੂੰ ਨਾ ਫੜਨ ਲਈ ਸਰਕਾਰ ਨੂੰ ਘੇਰਿਆ ਸੀ। ਇਹ ਕਾਰਵਾਈ ਉਸ ਦੇ ਪੁੱਤਰ ਦੀ ਪਹਿਲੀ ਬਰਸੀ ਤੋਂ ਪਹਿਲਾਂ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਜਿੰਨਾ ਚਿਰ ਇਹ ਸੈਸ਼ਨ ਚੱਲੇਗਾ, ਉਨ੍ਹਾਂ ਦਾ ਧਰਨਾ ਜਾਰੀ ਰਹੇਗਾ।
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਪਿਛਲੇ 10 ਮਹੀਨਿਆਂ ਤੋਂ ਇਨਸਾਫ਼ ਦੀ ਮੰਗ ਕਰ ਰਹੇ ਹਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਕੌਰ ਸਿੰਘ ਨੇ ਕਿਹਾ ਸੀ ਕਿ ਉਹ ਆਪਣੇ ਪੁੱਤਰ ਨੂੰ ਇਨਸਾਫ ਦਿਵਾਉਣ ਲਈ ਧਰਨਾ ਲਾ ਰਹੇ ਹਨ। ਉਹਨਾਂ ਕਿਹਾ ਕਿ, ਕੀ ਆਪਣੇ ਪੁੱਤਰ ਲਈ ਇਨਸਾਫ਼ ਮੰਗਣਾ ਗਲਤ ਹੈ ? ਪੁਲਿਸ ਨੇ ਹੁਣ ਤੱਕ ਹਮਲਾਵਰਾਂ, ਗੈਂਗਸਟਰਾਂ ਅਤੇ ਸ਼ੂਟਰਾਂ ਖਿਲਾਫ ਕਾਰਵਾਈ ਕੀਤੀ ਹੈ। ਪਰ ਇਸ ਪਿੱਛੇ ਕੌਣ ਹੈ, ਇਸ ‘ਤੇ ਕੋਈ ਕਾਰਵਾਈ ਨਹੀਂ ਹੋ ਰਹੀ ਹੈ।