ਮਾਨਸਾ, 26 ਫਰਵਰੀ 2023 : ਹਰ ਐਤਵਾਰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਆਪਣੀ ਸਪੀਚ ਜਰੀਏ ਲੋਕਾਂ ਦੇ ਰੂਬਰੂ ਹੁੰਦੇ ਰਹਿੰਦੇ ਹਨ। ਇਸੇ ਤਰ੍ਹਾਂ ਅੱਜ ਫਿਰ ਪਿਤਾ ਬਲਕੌਰ ਸਿੰਘ ਲੋਕਾਂ ਦੇ ਰੂਬਰੂ ਹੋਏ ਤੇ ਉਹਨਾਂ ਨੇ ਕਿਹਾ ਕਿ ਹੁਣ 10 ਮਹੀਨਿਆਂ ਬਾਅਦ ਸਿੱਧੂ ਨੂੰ ਵਿਦਾ ਕਰਨ ਦਾ ਸਮਾਂ ਆ ਗਿਆ ਹੈ ਕਿਉਂਕਿ ਵੈਸੇ ਤਾਂ ਭੋਗ 10 ਦਿਨਾਂ ਵਿਚ ਹੀ ਪੈ ਜਾਂਦਾ ਹੈ ਪਰ ਸਿੱਧੂ ਦਾ ਤਾਂ 10 ਮਹੀਨਿਆਂ ਵਿਚ ਨਹੀਂ ਪਿਆ।
ਉਹਨਾਂ ਨੇ ਅਗਲੇ ਮਹੀਨੇ ਤੋਂ ਪੁੱਤ ਦੇ ਇਨਸਾਫ਼ ਲਈ ਸੰਘਰਸ਼ ਵਿੱਢਣ ਦੀ ਗੱਲ ਕਹੀ ਤੇ ਕਿਹਾ ਕਿ ਉਹ ਜੋ ਵੀ ਕਰਨਗੇ ਸੋਚ ਸਮਝ ਕੇ ਕਰਨਗੇ ਤੇ ਸਰਕਾਰਾਂ ‘ਤੇ ਦਬਾਅ ਬਣਾਇਆ ਜਾਵੇਗਾ ਤੇ ਇਸ ਤੋਂ ਪਹਿਲਾਂ ਵੀ ਦਬਾਅ ਬਣਿਆ ਹੈ ਤੇ ਇਹ ਸਿਰਫ਼ ਸਿੱਧੂ ਨੂੰ ਪਿਆਰ ਕਰਨ ਵਾਲਿਆਂ ਕਰ ਕੇ ਹੀ ਬਣਿਆ ਹੈ।
ਉਹਨਾਂ ਨੇ ਭਾਵੁਕ ਹੁੰਦਿਆਂ ਕਿਹਾ ਕਿ ਜਿਵੇਂ-ਜਿਵੇਂ ਸਮਾਂ ਬੀਤ ਰਿਹਾ ਹੈ ਉਵੇਂ ਹੀ ਜਖ਼ਮ ਗਹਿਰੇ ਹੁੰਦੇ ਜਾਂਦੇ ਹਨ ਤੇ ਇਹ ਦਰਦ ਉਹੀ ਸਮਝ ਸਕਦਾ ਹੈ ਜੋ ਸਿੱਧੂ ਨੂੰ ਪਿਆਰ ਕਰਦਾ ਹੈ।
ਉਹਨਾਂ ਨੇ ਲੋਕਾਂ ਦੇ ਕਦਮਾਂ ਵਿਚ ਸਿਰ ਝੁਕਾਇਆ ਜੋ ਇੰਨੀ ਗਰਮੀ ਵਿਚ ਵੀ ਸਿੱਧੂ ਦੇ ਇਨਸਾਫ਼ ਲਈ ਆਏ ਦਿਨ ਉਹਨਾਂ ਦੇ ਘਰ ਆਉਂਦੇ ਹਨ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪੁੱਤ ਦੀ ਕਮਾਈ ਥੋੜ੍ਹਾ ਤਾਂ ਰੰਗ ਲਿਆ ਰਹੀ ਹੈ ਕਿਉਂਕਿ ਸਿੱਧੂ ਨੂੰ ਦੇਖ ਕੇ ਛੋਟੇ-ਛੋਟੇ ਬੱਚੇ ਵੀ ਦਸਤਾਰਾਂ ਸਜਾਉਣ ਲੱਗ ਗਏ ਹਨ ਤੇ ਕੇਸ ਰੱਖਣ ਲੱਗ ਗਏ ਹਨ।
ਬਲਕੌਰ ਸਿੰਘ ਨੇ ਕਿਹਾ ਕਿ ਸਿੱਧੂ ਦੀ ਸਰੀਰਕ ਕਮੀ ਤਾਂ ਕਦੇ ਵੀ ਪੂਰੀ ਨਹੀਂ ਹੋ ਸਕਦੀ ਕਿਉਂਕਿ ਜਿਵੇਂ ਕਿ ਸਿੱਧੂ ਨੇ ਲਿਖਿਆ ਹੈ ਕਿ ਉਹ ਨਾ ਤਾਂ ਗਾਇਕ ਸੀ ਤੇ ਨਾ ਹੀ ਕੁੱਝ ਹੋਰ ਉਹ ਤਾਂ ਇਕ ਦੌਰ ਸੀ ਜੋ ਕਿ ਬਾਖੂਬੀ ਚੱਲਿਆ ਹੈ ਤੇ ਉਸ ਨੇ ਹਰ ਇਕ ਦੇ ਮਨਾਂ ‘ਤੇ ਛਾਪ ਛੱਡੀ ਹੈ। ਬਲਕੌਰ ਸਿੰਘ ਨੇ ਕਿਹਾ ਕਿ ਇਨਸਾਫ਼ ਦੀ ਕੋਈ ਗੱਲ ਨਹੀਂ ਹੋਈ, ਸਾਰੀਆਂ ਗੱਲਾਂ ਅਧ-ਵਿਚਾਲੇ ਲਟਕ ਰਹੀਆਂ ਹਨ। ਉਨ੍ਹਾਂ ਨੇ ਦਬਾਅ ਬਣਾ ਕੇ ਰੱਖਿਆ ਹੈ ਤੇ ਅੱਗੇ ਵੀ ਰੱਖਣਗੇ, ਜੋ ਸਿੱਧੂ ਦੇ ਚਾਹੁਣ ਵਾਲਿਆਂ ਦੀ ਬਦੌਲਤ ਹੀ ਬਣਿਆ ਹੈ।
ਉਨ੍ਹਾਂ ਕਿਹਾ ਕਿ ਸ਼ਾਇਦ ਸਰਕਾਰਾਂ ਨੂੰ ਲੱਗਦਾ ਸੀ ਕਿ ਸਮੇਂ ਨਾਲ ਇਹ ਸਭ ਕੁਝ ਭੁੱਲ ਜਾਣਗੇ ਪਰ ਜਿਵੇਂ-ਜਿਵੇਂ ਦਿਨ ਲੰਘ ਰਹੇ ਹਨ, ਜ਼ਖ਼ਮ ਡੂੰਘੇ ਹੁੰਦੇ ਜਾ ਰਹੇ ਹਨ। ਜਿਸ ਨਾਲ ਬੀਤੀ ਹੁੰਦੀ, ਉਹੀ ਸਮਝਦਾ ਹੈ। ਬਲਕੌਰ ਸਿੰਘ ਨੇ ਕਿਹਾ ਕਿ ਉਹ ਜਿਥੇ ਵੀ ਜਾਂਦੇ ਹਨ, ਉਥੇ ਉਨ੍ਹਾਂ ਨੂੰ ਸਿੱਧੂ ਦਾ ਪ੍ਰਭਾਵ ਮਹਿਸੂਸ ਹੁੰਦਾ ਹੈ।
ਬਲਕੌਰ ਸਿੰਘ ਨੇ ਕਿਹਾ ਕਿ ਮੌਤ ਸਾਹਮਣੇ ਖੜ੍ਹੀ ਦੇਖ ਕੇ ਲੋਕ ਡੋਲ ਜਾਂਦੇ ਹਨ ਪਰ ਸਿੱਧੂ ਨੇ ਸੂਰਮੇ ਵਾਂਗ ਮੁਕਾਬਲਾ ਕੀਤਾ। ਦੁਖ ਹੁੰਦਾ ਹੈ ਜਦੋਂ ਕੁੱਝ ਲੋਕ ਸਾਡੀਆਂ ਗੱਲਾਂ ਨੂੰ ਰਾਜਨੀਤੀ ਨਾਲ ਜੋੜਦੇ ਹਨ।