- 9 ਮਹੀਨਿਆਂ ‘ਚ ਕਾ+ਤਲਾਂ ਕੋਲੋਂ 4 ਮੋਬਾਈਲ ਬਰਾਮਦ
ਚੰਡੀਗੜ੍ਹ, 10 ਦਸੰਬਰ 2023 – ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਜੇਲ੍ਹਾਂ ਵਿੱਚ ਮੋਬਾਈਲ ਫੋਨਾਂ ਦੀ ਵਰਤੋਂ ਨੂੰ ਲੈ ਕੇ ਲਏ ਗਏ ਸੂਓ ਮੋਟੋ ਤੋਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਉਮੀਦ ਬੱਝ ਗਈ ਹੈ। ਬਲਕੌਰ ਸਿੰਘ ਨੇ ਕਿਹਾ ਕਿ ਉਮੀਦ ਹੈ ਕਿ ਜੱਜ 14 ਦਸੰਬਰ ਨੂੰ ਲਾਰੈਂਸ ਦੀ ਜੇਲ ਤੋਂ ਕੀਤੀ ਗਈ ਇੰਟਰਵਿਊ ਦੇ ਮਾਮਲੇ ਵਿਚ ਚੰਗਾ ਫੈਸਲਾ ਦੇਣਗੇ। ਇਸ ਨਾਲ ਆਸ ਬੱਝੀ ਹੈ ਕਿ ਇਸ ਬੁਰਾਈ ਨੂੰ ਕੁਝ ਹੱਦ ਤੱਕ ਠੱਲ੍ਹ ਪਵੇਗੀ।
ਐਤਵਾਰ ਨੂੰ ਪਿੰਡ ਮੂਸੇ ਵਿਖੇ ਹੋਏ ਇਕੱਠ ‘ਚ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦਿਆਂ ਬਲਕੌਰ ਸਿੰਘ ਨੇ ਲੋਕਾਂ ਨੂੰ ਬੁਰਾਈਆਂ ਅਤੇ ਗੈਂਗਸਟਰਵਾਦ ਵਿਰੁੱਧ ਡਟਣ ਦੀ ਅਪੀਲ ਵੀ ਕੀਤੀ। ਉਸ ਨੇ ਕਿਹਾ, “ਹਰ ਕਿਸੇ ਨੇ ਮਰਨਾ ਹੈ, ਜੇ ਉਹ ਗੋਲੀ ਲੱਗਣ ਨਾਲ ਮਰਨਗੇ ਤਾਂ ਕਿਤੇ ਨਾਂ ਕਿਤੇ ਉਨ੍ਹਾਂ ਦਾ ਨਾਂਅ ਲਿਖਿਆ ਜਾਵੇਗਾ।”
ਬਲਕੌਰ ਸਿੰਘ ਨੇ ਕਿਹਾ ਕਿ ਜੇਲ੍ਹਾਂ ਵਿੱਚ ਜੇਲ੍ਹ ਮੈਨੂਅਲ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਮੇਰੇ ਬੇਟੇ ਦੇ ਕਾਤਲ ਦੇ ਫੋਨ 9 ਮਹੀਨਿਆਂ ਵਿੱਚ 4 ਵਾਰ ਫੋਨ ਫੜੇ ਗਏ ਹਨ। ਇਸ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਜੇਲ੍ਹਾਂ ਦੇ ਅੰਦਰ ਹਾਲਾਤ ਕਿਹੋ ਜਿਹੇ ਹਨ। ਅਪਰਾਧੀ ਅੰਦਰ ਜਾ ਕੇ ਸੁਰੱਖਿਅਤ ਹੋ ਜਾਂਦੇ ਹਨ ਅਤੇ ਅੰਦਰ ਬੈਠ ਕੇ ਲੋਕਾਂ ਦੇ ਬੱਚਿਆਂ ਨੂੰ ਮਾਰਨ ਦੀ ਯੋਜਨਾ ਬਣਾਉਂਦੇ ਹਨ।
ਦੋਸ਼ੀਆਂ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪਾ ਦਿੱਤੀ। ਅੱਜ ਤੱਕ ਉਹ ਵੀਡੀਓ ਸੋਸ਼ਲ ਮੀਡੀਆ ‘ਤੇ ਘੁੰਮ ਰਹੇ ਹਨ, ਪਰ ਸਰਕਾਰ ਨੇ ਇਨ੍ਹਾਂ ਨੂੰ ਰੋਕਣ ਲਈ ਕੋਈ ਫੈਸਲਾ ਨਹੀਂ ਲਿਆ ਹੈ। ਮੇਰੇ ਬੱਚੇ ਦਾ SYL ਗੀਤ 24 ਘੰਟਿਆਂ ਵਿੱਚ ਬੰਦ ਹੋ ਗਿਆ। ਜੇਲ੍ਹ ਵਿੱਚੋਂ ਇੱਕ ਵੱਡਾ ਗਠਜੋੜ ਚੱਲ ਰਿਹਾ ਹੈ।
ਬਲਕੌਰ ਸਿੰਘ ਨੇ ਕਿਹਾ ਕਿ ਸਰਕਾਰ ਅਤੇ ਆਗੂ ਇਸ ਗੁੰਡਾਗਰਦੀ ਵਿਰੁੱਧ ਬਹੁਤ ਘੱਟ ਬੋਲਦੇ ਹਨ। ਸ਼ਾਇਦ ਉਹ ਡਰ ਗਏ ਹੋਣਗੇ। ਗੋਗਾਮੇੜੀ ਦਾ ਕਤਲ ਰਾਜਸਥਾਨ ਵਿੱਚ ਹੋਇਆ ਸੀ। ਭਵਿੱਖ ਵਿੱਚ ਵੀ ਉਹ ਹੋਰ ਭਾਈਚਾਰਿਆਂ ਦੇ ਆਗੂਆਂ ’ਤੇ ਹਮਲੇ ਕਰਨਗੇ।
ਜੇਲ੍ਹਾਂ ਵਿੱਚ ਬੈਠ ਕੇ ਸਰਕਾਰੀ ਅਧਿਕਾਰੀਆਂ ਤੋਂ ਫਿਰੌਤੀ ਮੰਗਦੇ ਹਨ। ਪਿਛਲੀਆਂ ਸਰਕਾਰਾਂ ਵੇਲੇ ਸਾਡੇ ਕੋਲ ਬਠਿੰਡਾ ਵਿੱਚ ਕੁਝ ਕਰੀਮ ਪੋਸਟਾਂ ਸਨ। ਉਨ੍ਹਾਂ ਨੇਤਾਵਾਂ ਨੂੰ ਇਨ੍ਹਾਂ ਅਹੁਦਿਆਂ ਲਈ ਲੜਦੇ ਦੇਖਿਆ ਪਰ ਅੱਜ ਕੋਈ ਵੀ ਇਨ੍ਹਾਂ ਅਹੁਦਿਆਂ ਨੂੰ ਸੰਭਾਲਣ ਲਈ ਤਿਆਰ ਨਹੀਂ ਹੈ, ਕਿਉਂਕਿ ਫਿਰੌਤੀ ਦੀ ਕਾਲ ਆਉਂਦੀ ਹੈ। ਬੱਚੇ ਦੀ ਫੋਟੋ ਦਿਖਾਉਂਦੇ ਨੇ, ਇਹ ਹੈ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ।