ਮਾਨਸਾ, 8 ਜਨਵਰੀ 2023 – ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਮੁਹਾਲੀ ਵਿਖੇ ਚੱਲ ਰਹੇ ਕੌਮੀਂ ਇਨਸਾਫ ਮੋਰਚੇ ਵਿੱਚ ਸ਼ਮੂਲੀਅਤ ਕਰਨ ਲਈ ਮਾਨਸਾ ਦੇ ਪਿੰਡ ਮੂਸਾ ਤੋਂ ਪਿੰਡ ਵਾਸੀਆਂ ਦਾ ਜੱਥਾ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਸਰਪੰਚ ਚਰਨ ਕੌਰ ਦੀ ਅਗਵਾਈ ਵਿੱਚ ਰਵਾਨਾ ਹੋਇਆ। ਜਿੰਨਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਹੈ।
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਗ੍ਰਾਮ ਪੰਚਾਇਤ ਮੂਸਾ ਤੇ ਆਮ ਲੋਕਾਂ ਦੇ ਨਾਲ ਮੋਹਾਲੀ ਵਿਖੇ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਵਿੱਚ ਸ਼ਾਮਲ ਹੋਣ ਦੇ ਲਈ ਰਵਾਨਾ ਹੋਏ ਹਨ। ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ ਸਜਾਵਾਂ ਪੂਰੀਆ ਕਰ ਚੁੱਕੇ ਸਿੰਘਾਂ ਨੂੰ ਇਨਸਾਫ਼ ਦੇ ਲਈ ਰਿਹਾਅ ਕਰਵਾਉਣ ਦੇ ਮਕਸਦ ਦੇ ਚਲਦਿਆ ਆਪਣਾ ਫ਼ਰਜ ਸਮਝਦੇ ਹੋਏ ਕੌਮੀ ਇਨਸਾਫ਼ ਮੋਰਚੇ ਵਿੱਚ ਸ਼ਾਮਲ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਸਿੱਧੂ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਗੀਤ ਵੀ ਗਾਇਆ ਪਰ ਉਹ ਵੀ ਬੈਨ ਕਰ ਦਿੱਤਾ, ਪਰ ਸਾਡੇ ਦੇਸ਼ ਵਿੱਚ ਇਨਸਾਫ਼ ਲੈਣ ਦੇ ਲਈ ਜੱਦੋ-ਜਹਿਦ ਕਰਨੀ ਪੈਂਦੀ ਹੈ। ਉਨ੍ਹਾਂ ਕਿਹਾ ਪਿੰਡ ਵਾਸੀਆਂ ਦਾ ਫੈਸਲਾ ਸੀ ਕਿ ਕੌਮੀ ਇਨਸਾਫ਼ ਮੋਰਚੇ ਵਿੱਚ ਹਾਜਰੀ ਲਗਵਾਉਣੀ ਹੈ ਜਿਸ ਲਈ ਉਹ ਅੱਜ ਮੋਰਚੇ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਹਨ।
ਇਸ ਮੌਕੇ ਭਾਨਾ ਸਿੱਧੂ ਨੇ ਵੀ ਕਿਹਾ ਕਿ ਇੱਥੇ ਪੈਸੇ ਵਾਲਿਆਂ ਦੇ ਲਈ ਇਨਸਾਫ਼ ਹੋਰ ਤੇ ਆਮ ਲੋਕਾਂ ਲਈ ਹੋਰ ਹੈ ਇਸ ਲਈ ਜੇਲਾਂ ਵਿੱਚ ਸਜ਼ਾਵਾਂ ਪੂਰੀਆ ਕਰ ਚੁੱਕੇ ਸਿੰਘਾਂ ਨੂੰ ਰਿਹਾਅ ਕਰਨਾ ਚਾਹੀਦਾ ਹੈ।