ਚੰਡੀਗੜ੍ਹ, 24 ਜੂਨ 2022 – ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਰਿਲੀਜ਼ ਹੋਏ ਉਸ ਦੇ ਗੀਤ ‘ਐਸਵਾਈਐਲ’ ਨੇ ਨਵੀਂ ਹਲਚਲ ਮਚਾ ਦਿੱਤੀ ਹੈ। ਮੂਸੇਵਾਲਾ ਦੇ ਇਸ ਗੀਤ ਵਿੱਚ ਬਲਵਿੰਦਰ ਸਿੰਘ ਜਟਾਣਾ ਦਾ ਜ਼ਿਕਰ ਹੈ। ਜਟਾਣਾ ਉਹ ਵਿਅਕਤੀ ਹੈ ਜਿਸ ਨੇ 23 ਜੁਲਾਈ 1990 ਨੂੰ ਆਪਣੇ ਸਾਥੀਆਂ ਨਾਲ ਮਿਲ ਕੇ ਸਤਲੁਜ-ਯਮੁਨਾ ਲਿੰਕ ਨਹਿਰ ਨਾਲ ਸਬੰਧਤ ਦੋ ਅਫਸਰਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਬਾਅਦ ਵਿੱਚ ਉਹ ਵੀ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ। ਇਸ ਹਮਲੇ ਦਾ ਅਸਰ ਅਜਿਹਾ ਹੋਇਆ ਕਿ ਸਾਰੇ ਅਧਿਕਾਰੀਆਂ ਵਿੱਚ ਦਹਿਸ਼ਤ ਫੈਲ ਗਈ ਅਤੇ ਉਹ ਨਹਿਰ ਦਾ ਕੰਮ ਅੱਧ ਵਿਚਾਲੇ ਹੀ ਛੱਡ ਕੇ ਚਲੇ ਗਏ। ਜਿਸ ਕਰਨ 1990 ‘ਚ ਹੀ ਨਹਿਰ ਦਾ ਕੰਮ ਰੁਕ ਗਿਆ ਸੀ ਅਤੇ ਉਸ ਤੋਂ ਬਾਅਦ ਅੱਜ ਤੱਕ ਇਹ ਕੰਮ ਸ਼ੁਰੂ ਨਹੀਂ ਹੋ ਸਕਿਆ।
ਬਲਵਿੰਦਰ ਸਿੰਘ ਜਟਾਣਾ ਅੱਤਵਾਦੀ ਸੰਗਠਨ ਬੱਬਰ ਖਾਲਸਾ ਨਾਲ ਜੁੜਿਆ ਹੋਇਆ ਸੀ। ਬੱਬਰ ਖਾਲਸਾ ਦੇ ਮੁਖੀ ਸੁਖਦੇਵ ਸਿੰਘ ਬੱਬਰ ਜਟਾਣਾ ਨੂੰ ਆਪਣੇ ਕਰੀਬੀਆਂ ਵਿੱਚੋਂ ਸਮਝਦੇ ਸਨ। ਇਹੀ ਕਾਰਨ ਸੀ ਕਿ ਉਨ੍ਹਾਂ ਨੂੰ ਪੰਜਾਬ ਦੇ ਮਾਲਵਾ ਖੇਤਰ ਦਾ ਲੈਫਟੀਨੈਂਟ ਜਨਰਲ ਬਣਾਇਆ ਗਿਆ ਸੀ।
23 ਜੁਲਾਈ 1990 ਨੂੰ ਚੰਡੀਗੜ੍ਹ ਦੇ ਸੈਕਟਰ-26 ਸਥਿਤ ਦਫ਼ਤਰ ਵਿੱਚ ਸਤਲੁਜ-ਯਮੁਨਾ ਲਿੰਕ ਨਹਿਰ ਦੀ ਉਸਾਰੀ ਸਬੰਧੀ ਮੀਟਿੰਗ ਚੱਲ ਰਹੀ ਸੀ। ਇਸ ਰਾਹੀਂ ਪੰਜਾਬ ਦਾ ਪਾਣੀ ਹਰਿਆਣਾ ਅਤੇ ਦਿੱਲੀ ਨੂੰ ਜਾਣਾ ਸੀ। ਜਦੋਂ ਮੀਟਿੰਗ ਹੋ ਰਹੀ ਸੀ ਤਾਂ ਰੋਪੜ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਜਟਾਣਾ ਨੇ ਆਪਣੇ ਸਾਥੀਆਂ ਬਲਬੀਰ ਸਿੰਘ ਫੌਜੀ, ਜਗਤਾਰ ਸਿੰਘ ਪਿੰਜੋਲਾ ਅਤੇ ਹਰਮੀਤ ਸਿੰਘ ਭਾਓਵਾਲ ਨਾਲ ਮਿਲ ਕੇ ਉਥੇ ਚਲੇ ਗਏ ਅਤੇ ਜਟਾਣਾ ਤੇ ਉਸ ਦੇ ਸਾਥੀਆਂ ਨੇ ਚੀਫ ਇੰਜਨੀਅਰ ਅਤੇ ਸੁਪਰਡੈਂਟ ਇੰਜਨੀਅਰ ਦਾ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਨਹਿਰ ਦੇ ਕੰਮ ਨਾਲ ਸਬੰਧਤ ਅਧਿਕਾਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।
ਅਫਸਰਾਂ ਨੂੰ ਮਾਰਨ ਤੋਂ ਬਾਅਦ ਹਰਕਤ ‘ਚ ਆਈ ਪੁਲਸ 30 ਨਵੰਬਰ 1991 ਨੂੰ ਜਟਾਣਾ ਦੇ ਘਰ ਪਹੁੰਚੀ ਪਰ ਉਹ ਉਥੇ ਮੌਜੂਦ ਨਹੀਂ ਸੀ। ਪੁਲੀਸ ’ਤੇ ਦੋਸ਼ ਸਨ ਕਿ ਉਸ ਸਮੇਂ ਪੁਲੀਸ ਨੇ ਇੱਕ ਨਿਹੰਗ ਸਿੰਘ ਪੂਹਲਾ ਨਿਹੰਗ ਦੀ ਮਦਦ ਨਾਲ ਜਟਾਣਾ ਦੀ ਦਾਦੀ ਦਵਾਰਕੀ ਕੌਰ, ਮਾਸੀ ਜਮਸ਼ੇਰ ਕੌਰ, ਭੈਣ ਮਨਪ੍ਰੀਤ ਕੌਰ ਅਤੇ ਭਤੀਜੇ ਸਿਮਰਨਜੀਤ ਸਿੰਘ ਨੂੰ ਜ਼ਿੰਦਾ ਸਾੜ ਦਿੱਤਾ ਸੀ।
ਪੁਲੀਸ ਨੇ ਬਲਵਿੰਦਰ ਸਿੰਘ ਜਟਾਣਾ ਨੂੰ ਭਗੌੜਾ ਦੱਸਦਿਆਂ ਉਸ ਦੇ ਸਿਰ ’ਤੇ 16 ਲੱਖ ਰੁਪਏ ਦਾ ਇਨਾਮ ਰੱਖਿਆ ਸੀ। ਪੁਲੀਸ ਨੂੰ ਸੂਚਨਾ ਮਿਲੀ ਕਿ ਜਟਾਣਾ ਅਤੇ ਉਸ ਦਾ ਸਾਥੀ ਚਰਨਜੀਤ ਸਿੰਘ ਚੰਨਾ ਪਿੰਡ ਸਾਧੂਗੜ੍ਹ ਵੱਲ ਜਾ ਰਹੇ ਹਨ। ਪੁਲੀਸ ਨੇ ਅੱਗੇ ਨਾਕਾਬੰਦੀ ਕਰ ਦਿੱਤੀ। ਉਥੇ ਹੋਏ ਮੁਕਾਬਲੇ ਵਿਚ ਬਲਦੇਵ ਸਿੰਘ ਜਟਾਣਾ ਮਾਰਿਆ ਗਿਆ ਸੀ।