ਮਾਨਸਾ, 8 ਜੂਨ 2022 – ਅੱਜ 8 ਜੂਨ ਨੂੰ ਮਰਹੂਮ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਨਵੀਂ ਅਨਾਜ ਮੰਡੀ ਮਾਨਸਾ ’ਚ ਦੁਪਹਿਰ 12 ਵਜੇ ਹੋਵੇਗੀ। ਸਵੇਰ ਤੋਂ ਹੀ ਦੂਰ-ਦੁਰਾਡੇ ਦੇ ਖ਼ੇਤਰਾਂ ਤੋਂ ਲੋਕ ਅੰਤਿਮ ਅਰਦਾਸ ਵਾਲੀ ਥਾਂ ਪਹੁੰਚਣੇ ਸ਼ੁਰੂ ਹੋ ਗਏ ਹਨ।
ਇਸ ਦੇ ਨਾਲ ਹੀ ਪਰਿਵਾਰ ਨੇ ਅਪੀਲ ਕੀਤੀ ਹੈ ਕਿ ਸਾਰਿਆਂ ਨੂੰ ਪੱਗ ਬੰਨ੍ਹ ਕੇ ਆਉਣ। ਇਹੀ ਮੂਸੇਵਾਲਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਮੌਕੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਪ੍ਰਸ਼ੰਸਕਾਂ ਨਾਲ ਆਪਣੇ ਦਿਲ ਦੀ ਗੱਲ ਕਰਨਗੇ।
ਪੁਲਿਸ ਨੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਹਨ। ਇਸ ਤੋਂ ਇਲਾਵਾ ਕਈ ਅਦਾਕਾਰ ਵੀ ਇਸ ਅੰਤਿਮ ਅਰਦਾਸ ‘ਚ ਸ਼ਾਮਿਲ ਹੋਣਗੇ। ਦਸ ਦੇਈਏ ਕਿ ਡੇਢ ਲੱਖ ਲੋਕਾਂ ਦੇ ਇਸ ਅੰਤਿਮ ਅਰਦਾਸ ਸਮਾਗਮ ‘ਚ ਸ਼ਾਮਿਲ ਹੋਣ ਦੀ ਸੰਭਾਵਨਾ ਹੈ।
ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 13 ਗੁਰਦੁਆਰਾ ਸਾਹਿਬਾਨ ਤੋਂ ਟੀਮਾਂ ਲੰਗਰ ਦੇ ਪ੍ਰਬੰਧ ਲਈ ਲਗਾਈਆਂ ਗਈਆਂ ਹਨ।