- ਬਿਕਰਮ ਮਜੀਠੀਆ ਸੁਪਰੀਮ ਕੋਰਟ ਦੀ ਜ਼ਮਾਨਤ ‘ਤੇ, ਕਦੇ ਵੀ ਜਾ ਸਕਦਾ ਹੈ ਜੇਲ: ਮਨੀਸ ਸਿਸੋਦੀਆ
- ਸਿਸੋਦੀਆ ਅਤੇ ਡਾ. ਜੀਵਨਜੋਤ ਨੇ ਅੰਮ੍ਰਿਤਸਰ ਪੂਰਬੀ ਲਈ ਜਾਰੀ ਕੀਤਾ ਸੰਕਲਪ ਪੱਤਰ
- ਸੰਕਲਪ ਪੱਤਰ ਵਿਚਲੇ ਕੰਮਾਂ ਸਮੇਤ ਚੰਗੀ ਸਿੱਖਿਆ, ਇਲਾਜ ਅਤੇ ਹੋਰ ਸਹੂਲਤਾਂ ਦੇਣ ਲਈ ਵਚਨਬੱਧ: ਡਾ. ਜੀਵਨਜੋਤ ਕੌਰ
ਸ੍ਰੀ ਅੰਮ੍ਰਿਤਸਰ/ ਚੰਡੀਗੜ੍ਹ, 17 ਫਰਵਰੀ 2022 – ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ‘ਆਪ’ ਉਮੀਦਵਾਰ ਡਾ. ਜੀਵਨਜੋਤ ਕੌਰ ਨੇ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਲਈ ਵਿਸ਼ੇਸ਼ ਚੋਣ ਮਨੋਰਥ ਪੱਤਰ ‘ਸੰਕਲਪ ਪੱਤਰ’ ਦੇ ਰੂਪ ‘ਚ ਜਾਰੀ ਕੀਤਾ। ਮਨੀਸ਼ ਸਿਸੋਦੀਆ ਨੇ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਸਿੱਧੂ ਦੇ ‘ਪੰਜਾਬ ਮਾਡਲ’ ਵਿੱਚ ਕੇਵਲ ਮੈਂ, ਮੈਂ, ਮੈਂ ਹੈ। ਮੈਂ ਮੁੱਖ ਮੰਤਰੀ ਹੋਵਾਂ ਹੀ ਹੈ। ਪੰਜਾਬ ਦੇ ਆਮ ਲੋਕਾਂ, ਔਰਤਾਂ, ਨੌਜਵਾਨਾਂ ਅਤੇ ਖਾਸ ਕਰਕੇ ਅੰਮ੍ਰਿਤਸਰ ਪੂਰਬੀ ਹਲਕੇ ਲਈ ਕੁੱਝ ਵੀ ਨਹੀਂ ਹੈ।
ਬੁੱਧਵਾਰ ਨੂੰ ਇੱਥੇ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੇ ਵਿਕਾਸ ਲਈ ਸੰਕਲਪ ਪੱਤਰ ਜਾਰੀ ਕਰਦਿਆਂ ਮਨੀਸ਼ ਸਿਸੋਦੀਆ ਨੇ ਕਿਹਾ,”ਦਿੱਲੀ ਦੇ ਮੁੱਖ ਮੰਤਰੀ ਅਤੇ ਪਾਰਟੀ ਸੁਪਰੀਮੋਂ ਅਰਵਿੰਦ ਕੇਜਰੀਵਾਲ ਕੱਟੜ ਦੇਸ਼ ਭਗਤ ਹਨ। ਕੇਜਰੀਵਾਲ ਆਪਣੇ ਦਿਲ ‘ਚ ਦੇਸ਼ ਲਈ ਇੱਕ ਵਿਜ਼ਨ ਰੱਖਦੇ ਹਨ। ਇਸੇ ਲਈ ਅਕਾਲੀ ਦਲ, ਕਾਂਗਰਸ, ਭਾਰਤੀ ਜਨਤਾ ਪਾਰਟੀ ਦੇ ਆਗੂ ਕੇਜਰੀਵਾਲ ਦਾ ਵਿਰੋਧ ਕਰਦੇ ਹਨ।”
ਸਿਸੋਦੀਆ ਨੇ ਨਵਜੋਤ ਸਿੱਧੂ ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਕਰੀਬ 16 ਸਾਲਾਂ ਤੋਂ ਸਿੱਧੂ ਪਰਿਵਾਰ ਵਿਧਾਨ ਸਭਾ ਹਲਕਾ ਪੂਰਬੀ ਤੋਂ ਲੋਕਾਂ ਦੀਆਂ ਵੋਟਾਂ ਲੈ ਕੇ ਜਿੱਤ ਦਾ ਰਿਹਾ ਹੈ, ਪਰ ਇਸ ਹਲਕੇ ਦੇ ਵਿਕਾਸ ਲਈ ਅਤੇ ਆਮ ਲੋਕਾਂ ਨੂੰ ਸਹੂਲਤਾਂ ਦੇਣ ਲਈ ਸਿਧੂ ਪਰਿਵਾਰ ਨੇ ਕੁੱਝ ਨਹੀਂ ਕੀਤਾ। ਹਲਕੇ ਦੀਆਂ 90 ਫ਼ੀਸਦੀ ਗਲੀਆਂ, ਨਾਲੀਆਂ ਅਤੇ ਸੜਕਾਂ ਨਹੀਂ ਬਣੀਆ। ਸੜਕਾਂ ‘ਤੇ ਪਾਣੀ ਖੜਾ ਰਹਿੰਦਾ ਹੈ ਕਿਉਂਕਿ ਇੱਥੇ ਸੀਵਰੇਜ਼ ਦੀ ਕੋਈ ਵਿਵਸਥਾ ਨਹੀਂ ਹੈ। ਲੋਕਾਂ ਵਿੱਚ ਰੋਸ ਹੈ ਕਿ ਜਦੋਂ ਉਹ ਆਪਣੇ ਕੰਮ ਕਰਾਉਣ ਲਈ ਨਵਜੋਤ ਸਿੱਧੂ ਕੋਲ ਜਾਂਦੇ ਹਨ ਤਾਂ ਸਿੱਧੂ ਨਾ ਉਹ ਦਫ਼ਤਰ ਵਿੱਚ ਮਿਲਦੇ ਹਨ ਅਤੇ ਨਾ ਹੀ ਘਰ ਵਿੱਚ ਮਿਲਦੇ ਹਨ। ਉਨਾਂ ਦੋਸ਼ ਲਾਇਆ ਕਿ ਨਵਜੋਤ ਸਿੱਧੂ ਲੋਕ ਸਭਾ ਮੈਂਬਰ ਅਤੇ ਕੈਬਨਿਟ ਮੰਤਰੀ ਰਹਿਣ ਦੇ ਬਾਵਜੂਦ ਆਪਣੇ ਹਲਕੇ ਵਿੱਚ ਇੱਕ ਵੀ ਸਰਕਾਰੀ ਕਾਲਜ, ਹਸਪਤਾਲ ਨਹੀਂ ਬਣਾ ਸਕੇ। ਇੱਥੇ ਸਕੂਲਾਂ ਦੀ ਮਾੜੀ ਹਾਲਤ ਹੈ। ਫ਼ੋਕਲ ਪੁਆਇੰਟ ਦਾ ਕੋਈ ਵਿਕਾਸ ਨਹੀਂ ਹੋਇਆ ਤਾਂ ਫਿਰ ਹਲਕੇ ਦੇ ਲੋਕ ਨਵਜੋਤ ਸਿੱਧੂ ਨੂੰ ਕਿਉਂ ਵੋਟ ਦੇਣ?
ਮਨੀਸ਼ ਸਿਸੋਦੀਆ ਨੇ ਅਕਾਲੀ ਆਗੂ ਬਿਕਰਮ ਮਜੀਠੀਆ ਦੀ ਅਲੋਚਨਾ ਕਰਦਿਆਂ ਕਿਹਾ ਕਿ ਮਜੀਠੀਆ ਨੂੰ ਤਾਂ ਸੁਪਰੀਮ ਕੋਰਟ ਕੋਲੋਂ ਵੀ ਕੇਵਲ ਕੁੱਝ ਦਿਨਾਂ ਦੀ ਜ਼ਮਾਨਤ ਮਿਲੀ ਹੋਈ ਹੈ। ਉਹ ਕਦੇ ਵੀ ਜੇਲ ਵਿੱਚ ਜਾ ਸਕਦੇ ਹਨ। ਇਸ ਲਈ ਹਲਕਾ ਪੂਰਬੀ ਦੇ ਲੋਕ ਬਿਕਰਮ ਮਜੀਠੀਆ ਵੋਟ ਹੀ ਕਿਉਂ ਪਾਉਣ?
ਸਿਸੋਦੀਆ ਨੇ ਕਿਹਾ ਕਿ ‘ਆਪ’ ਦੀ ਉਮੀਦਵਾਰ ਡਾ. ਜੀਵਨਜੋਤ ਕੌਰ ਹੀ ਇਸ ਹਲਕੇ ਦੇ ਲੋਕਾਂ ਦੀਆਂ ਵੋਟਾਂ ਦੇ ਹੱਕਦਾਰ ਹਨ, ਕਿਉਂਕਿ ਉਨਾਂ ਇਸ ਹਲਕੇ ਦੇ ਲੋਕਾਂ ਦੀ ਸਿੱਖਿਆ ਅਤੇ ਇਲਾਜ ਲਈ ਅਨੇਕਾਂ ਕੰਮ ਕੀਤੇ ਹਨ। ਉਹ ਇਸ ਹਲਕੇ ਨੂੰ ਕੇਵਲ ਅੰਮ੍ਰਿਤਸਰ ਦਾ ਹੀ ਨਹੀਂ ਸਗੋਂ ਸਮੁੱਚੇ ਪੰਜਾਬ ਦਾ ਉਤਮ ਹਲਕਾ ਬਣਾਉਣਾ ਚਾਹੁੰਦੇ ਹਨ। ਉਨਾਂ ਕਿਹਾ ਕਿ ਡਾ. ਜੀਵਨਜੋਤ ਕੌਰ ਨੇ ਹਲਕਾ ਪੂਰਬੀ ਦੇ ਲੋਕਾਂ ਨਾਲ ਵਿਚਾਰ ਵਿਟਾਂਦਰਾ ਕਰਕੇ ਆਪਣਾ ਵਿਕਾਸਮਈ ਸੰਕਲਪ ਪੱਤਰ ਤਿਆਰ ਕੀਤਾ ਹੈ ਅਤੇ ਉਮੀਦ ਹੈ ਕਿ ਇੱਥੋਂ ਦੇ ਲੋਕ ਡਾ. ਜੀਵਨਜੋਤ ਕੌਰ ਨੂੰ ਜਿੱਤਾ ਕੇ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨਗੇ।
ਇਸ ਮੌਕੇ ਡਾ. ਜੀਵਨਜੋਤ ਕੌਰ ਨੇ ਸੰਕਲਪ ਪੱਤਰ ਵਿਚਲੇ ਕੰਮਾਂ ਬਾਰੇ ਦੱਸਿਆ ਕਿ ਅੰਮਿਤਸਰ ਪੂਰਬੀ ‘ਚ ਕੂੜਾ ਡੰਪ, ਹਾਈਵੋਲਟੇਜ਼ ਬਿਜਲੀ ਦੀਆਂ ਤਾਰਾਂ, ਪੀਣ ਦਾ ਸਾਫ਼ ਪਾਣੀ, ਸੜਕਾਂ ਦੀ ਉਸਾਰੀ, ਸੀਵਰੇਜ ਦੀ ਵਿਵਸਥਾ, ਸਬਜੀ ਮੰਡੀ ਦਾ ਵਿਕਾਸ ਅਤੇ ਫੋਕਲ ਪੁਆਇੰਟ ਦਾ ਵਿਕਾਸ ਅਜਿਹੇ ਮੁੱਖ ਕੰਮ ਹਨ, ਜਿਹੜੇ ਲੰਮੇ ਸਮੇਂ ਤੋਂ ਨਹੀਂ ਕੀਤੇ ਗਏ। ਉਨਾਂ ਕਿਹਾ ਕਿ ਸੰਕਲਪ ਪੱਤਰ ਵਿਚਲੇ ਕੰਮ ਕਰਨ ਦੇ ਨਾਲ ਨਾਲ ਚੰਗੀ ਸਿੱਖਿਆ, ਇਲਾਜ ਅਤੇ ਚੰਗੀਆਂ ਸਹੂਲਤਾਂ ਦੇਣਾ ਵੀ ਉਨਾਂ ਦੇ ਏਜੰਡੇ ਵਿੱਚ ਸ਼ਾਮਲ ਹਨ।