ਚੰਡੀਗੜ੍ਹ, 18 ਫਰਵਰੀ 2022 – ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਭੈਣ ਸੁਮਨ ਤੂਰ ਨੇ ਵੋਟਿੰਗ ਤੋਂ ਕੁਝ ਘੰਟੇ ਪਹਿਲਾਂ ਹੀ ਰਾਸ਼ਟਰੀ ਮਹਿਲਾ ਕਮਿਸ਼ਨ ‘ਚ ਸਿੱਧੂ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਚੋਣਾਂ ਨਾਲ ਜੋੜਨਾ ਠੀਕ ਨਹੀਂ ਹੈ। ਉਸ ਦੀ ਇੱਕੋ ਇੱਕ ਕੋਸ਼ਿਸ਼ ਹੈ ਕਿ ਉਹ ਆਪਣੀ ਮਾਂ ਨੂੰ ਇਨਸਾਫ਼ ਦਿਵਾਏ। ਉਨ੍ਹਾਂ ਨੇ ਇੱਕ ਵੀਡੀਓ ਜਾਰੀ ਕਰਕੇ ਇਸ ਬਾਰੇ ਗੱਲ ਕੀਤੀ ਹੈ। ਸਿੱਧੂ ਖਿਲਾਫ ਕੀਤੀ ਸ਼ਿਕਾਇਤ ‘ਚ ਉਨ੍ਹਾਂ ਨੂੰ ਸਨਮਾਨਜਨਕ ਜ਼ਿੰਦਗੀ ਜਿਊਣ ਦਾ ਅਧਿਕਾਰ, ਮਾਣਹਾਨੀ, ਮਾਨਸਿਕ ਤਸ਼ੱਦਦ ਅਤੇ ਧੋਖਾਧੜੀ ਵਰਗੇ ਦੋਸ਼ ਲਗਾਏ ਹਨ।
ਸੁਮਨ ਤੂਰ ਨੇ ਕਿਹਾ ਕਿ ਮੈਂ ਮਾਂ ਦੇ ਨਾਲ ਹੋਏ ਵਿਵਹਾਰ ਨੂੰ ਲੈ ਕੇ ਰਾਸ਼ਟਰੀ ਮਹਿਲਾ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਕਿਹਾ ਕਿ ਇਹ ਚੋਣਾਂ ਨਾਲ ਸਬੰਧਤ ਮਾਮਲਾ ਨਹੀਂ ਹੈ, ਸਗੋਂ ਮਾਂ ਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ ਹੈ। ਇਸ ਨਾਲ ਲੋਕਾਂ ਨੂੰ ਇਹ ਵੀ ਪਤਾ ਲੱਗੇਗਾ ਕਿ ਕੋਈ ਵੀ ਆਪਣੇ ਮਾਤਾ-ਪਿਤਾ ਨਾਲ ਮਾੜਾ ਸਲੂਕ ਨਹੀਂ ਕਰ ਸਕਦਾ।
ਸੁਮਨ ਤੂਰ ਨੇ ਪਹਿਲਾਂ ਕਿਹਾ ਸੀ ਕਿ ਪਿਤਾ ਭਗਵੰਤ ਸਿੰਘ ਸਿੱਧੂ ਦੀ ਮੌਤ ਤੋਂ ਬਾਅਦ ਮਾਂ ਨਿਰਮਲ ਭਗਵੰਤ ਬੇਸਹਾਰਾ ਹੋ ਗਈ ਸੀ। ਦਿੱਲੀ ਰੇਲਵੇ ਸਟੇਸ਼ਨ ‘ਤੇ ਉਸ ਦੀ ਮਾਂ ਦੀ ਮੌਤ ਯਤੀਮ ਵਾਂਗ ਹੋ ਗਈ। ਉਨ੍ਹਾਂ ਇਹ ਵੀ ਕਿਹਾ ਕਿ ਸਿੱਧੂ ਨੇ ਝੂਠ ਬੋਲਿਆ ਕਿ ਉਨ੍ਹਾਂ ਦੇ ਮਾਤਾ-ਪਿਤਾ ਨਿਆਂਇਕ ਤੌਰ ‘ਤੇ ਵੱਖ ਹੋ ਗਏ ਹਨ। ਅਮਰੀਕਾ ਤੋਂ ਆਈ ਸੁਮਨ ਨੇ ਦੱਸਿਆ ਕਿ ਜਦੋਂ ਉਸ ਨੇ ਸਿੱਧੂ ਤੋਂ ਇਸ ਬਾਰੇ ਪੁੱਛਣਾ ਚਾਹਿਆ ਤਾਂ ਉਸ ਨੂੰ ਵਟਸਐਪ ‘ਤੇ ਬਲਾਕ ਕਰ ਦਿੱਤਾ ਗਿਆ। ਜਦੋਂ ਉਹ ਉਸ ਨੂੰ ਮਿਲਣ ਗਈ ਤਾਂ ਉਸ ਨੇ ਦਰਵਾਜ਼ਾ ਵੀ ਨਹੀਂ ਖੋਲ੍ਹਿਆ।