ਰੂਪਨਗਰ, 12 ਮਾਰਚ 2025 – ਰੂਪਨਗਰ ਵਿਖੇ ਰੂਹ ਕੰਬਾਊ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਨੂਰਪੁਰਬੇਦੀ-ਬਲਾਚੌਰ ਮਾਰਗ ਦੇ ਨਾਲ ਲੱਗਦੇ ਖੇਤਰ ਦੇ ਪਿੰਡ ਚੱਬਰੇਵਾਲ ਵਿਖੇ ਦੁਪਹਿਰ ਸਮੇਂ ਸੜਕ ਕਿਨਾਰੇ ਲੱਗੇ ਇਕ ਇੱਟਾਂ ਵਾਲੇ ਸਾਈਨ ਬੋਰਡ ਦੀ ਅਚਾਨਕ ਕੰਧ ਡਿੱਗ ਜਾਣ ਕਾਰਨ ਹੇਠਾਂ ਡੂੰਘੇ ਖੇਤਾਂ ’ਚ ਖੇਡ ਰਹੇ ਲਾਗਲੇ ਪਿੰਡ ਕਰੂਰਾ ਨਾਲ ਸਬੰਧਤ 2 ਸਕੇ ਭਰਾਵਾਂ ’ਚੋਂ ਇਕ 14 ਸਾਲਾ ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਉਸ ਦਾ 13 ਸਾਲਾ ਛੋਟਾ ਭਰਾ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਇਲਾਜ ਲਈ ਰੂਪਨਗਰ ਸਥਿਤ ਸਰਕਾਰੀ ਹਸਤਪਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ।
ਜਾਣਕਾਰੀ ਦਿੰਦੇ ਮਾਮਲੇ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਪ੍ਰਦੀਪ ਸ਼ਰਮਾ ਅਨੁਸਾਰ ਹਾਦਸੇ ਵਾਲੇ ਸਥਾਨ ਪਿੰਡ ਚੱਬਰੇਵਾਲ ਤੋਂ ਕੁਝ ਦੂਰੀ ’ਤੇ ਸਥਿਤ ਪਿੰਡ ਕਰੂਰਾ ਨਾਲ ਸਬੰਧਤ ਬੱਚਿਆਂ ਦੀ ਮਾਤਾ ਗੁਰਬਖਸ਼ ਕੌਰ ਪਤਨੀ ਪ੍ਰੀਤਮ ਸਿੰਘ ਨੇ ਪੁਲਸ ਦਿੱਤੇ ਆਪਣੇ ਬਿਆਨਾਂ ’ਚ ਦੱਸਿਆ ਕਿ ਦੁਪਹਿਰ ਕਰੀਬ 1 ਵਜੇ ਉਸ ਨੂੰ ਜਦੋਂ ਸੜਕ ਕਿਨਾਰੇ ਖੜ੍ਹੇ ਕੁਝ ਵਿਅਕਤੀਆਂ ਦੇ ਇਕੱਠੇ ਹੋਣ ਸਬੰਧੀ ਪਤਾ ਚੱਲਿਆ ਤਾਂ ਉਸ ਨੇ ਮੌਕੇ ’ਤੇ ਜਾ ਕੇ ਵੇਖਿਆ ਕਿ ਪਿੰਡ ਚਬਰੇਵਾਲ ਦੀ ਵੇਰਕਾ ਡੇਅਰੀ ਲਾਗੇ ਇਕ ਸਾਈਨ ਬੋਰਡ ਦੀ ਕੰਧ ਅਚਾਨਕ ਡਿੱਗੀ ਹੋਈ ਸੀ।
ਇਸ ਦੌਰਾਨ ਸੜਕ ਤੋਂ ਹੇਠਾਂ ਡੂੰਘੇ ਖੇਤਾਂ ’ਚ ਖੇਡ ਰਹੇ ਉਸ ਦੇ ਦੋਵੇਂ ਬੱਚਿਆਂ ’ਚੋਂ ਵੱਡੇ 14 ਸਾਲਾ ਲੜਕੇ ਓਮ ਪ੍ਰਕਾਸ਼ ਦੇ ਉਕਤ ਇੱਟਾਂ ਦੇ ਸਾਈਨ ਬੋਰਡ ਦੇ ਹੇਠਾਂ ਆ ਕੇ ਗੰਭੀਰ ਸੱਟਾਂ ਲੱਗਣ ਨਾਲ ਭਾਰੀ ਖ਼ੂਨ ਵੱਗ ਰਿਹਾ ਸੀ ਜਿਸ ਨੂੰ ਤੁਰੰਤ ਸਰਕਾਰੀ ਹਸਤਪਾਲ ਸਿੰਘਪੁਰ ਵਿਖੇ ਇਲਾਜ ਲਈ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਦਕਿ ਉਸ ਦੇ ਛੋਟੇ ਲੜਕੇ ਰਾਜਵੀਰ ਸਿੰਘ (13) ਦੀ ਇਸ ਹਾਦਸੇ ਦੌਰਾਨ ਖੱਬੀ ਲੱਤ ਫੈਕਚਰ ਹੋ ਗਈ, ਜਿਸ ਨੂੰ ਰੂਪਨਗਰ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਥਾਣਾ ਮੁਖੀ ਨੂਰਪੁਰਬੇਦੀ ਇੰਸ. ਗੁਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਉਕਤ ਪਰਿਵਾਰ ਨੇ ਇਸ ਹਾਦਸੇ ਨੂੰ ਕੁਦਰਤੀ ਦੱਸਦੇ ਹੋਏ ਕਿਸੇ ਵੀ ਪ੍ਰਕਾਰ ਦੀ ਕਾਨੂੰਨੀ ਕਾਰਵਾਈ ਕਰਵਾਉਣ ਤੋਂ ਇਨਕਾਰ ਕੀਤਾ ਹੈ, ਜਿਸ ਕਰਕੇ ਬੱਚੇ ਦੀ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ।

