ਚੰਡੀਗੜ੍ਹ, 20 ਜੂਨ 2023 – ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਜਾਰੀ ਹੈ। ਇਸ ਵਿੱਚ ਕੇਂਦਰ ਸਰਕਾਰ ਵੱਲੋਂ ਪੇਂਡੂ ਵਿਕਾਸ ਫੰਡ (ਆਰਡੀਐਫ) ਜਾਰੀ ਨਾ ਕਰਨ ਖ਼ਿਲਾਫ਼ ਮਤਾ ਪਾਸ ਕੀਤਾ ਗਿਆ। ਉਸ ਤੋਂ ਬਾਅਦ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ‘ਚ ‘ਸਿੱਖ ਗੁਰਦੁਆਰਾ ਸੋਧ ਬਿੱਲ-2023’ ਵੀ ਪਾਸ ਕਰ ਦਿੱਤਾ ਗਿਆ ਹੈ।
ਪੰਜਾਬ ਵਿਧਾਨ ਸਭਾ ‘ਚ ‘ਸਿੱਖ ਗੁਰਦੁਆਰਾ ਸੋਧ ਬਿੱਲ-2023’ ਨੂੰ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ। ਇਹ ਬਿੱਲ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਦਨ ਅੰਦਰ ਪੇਸ਼ ਕੀਤਾ ਗਿਆ ਸੀ। ਸੀਐਮ ਭਗਵੰਤ ਮਾਨ ਨੇ ਕਿਹਾ ਕਿ 21 ਜੁਲਾਈ ਤੱਕ ਇੱਕ ਚੈਨਲ ਦਾ ਏਕਾਧਿਕਾਰ ਹੈ। ਉਸ ਤੋਂ ਬਾਅਦ ਸਾਰੇ ਚੈਨਲਾਂ ‘ਤੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਦਾ ਪ੍ਰਸਾਰਣ ਕੀਤਾ ਜਾਵੇਗਾ। ਇਸ ਦੀ ਫੀਡ ਮੁਫਤ ‘ਚ ਪ੍ਰਾਪਤ ਹੋਵੇਗੀ, ਜੋ ਕੋਈ ਇਸ ਨੂੰ ਚਲਾਉਣਾ ਚਾਹੁੰਦਾ ਹੈ ਉਹ ਚਲਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਗੁਰਬਾਣੀ ਸਭ ਦੀ ਸਾਂਝੀ ਹੈ ਅਤੇ ਕਿਸੇ ਇਕ ਚੈਨਲ ਨੇ ਇਸ ਦਾ ਠੇਕਾ ਨਹੀਂ ਲਿਆ ਹੋਇਆ। 11 ਸਾਲ ਹੋ ਗਏ ਹਨ, ਇੱਕੋ ਚੈਨਲ ਹੀ ਗੁਰਬਾਣੀ ਚਲਾਈ ਜਾਂਦਾ ਹੈ ਅਤੇ ਇਨ੍ਹਾਂ ਦਾ ਐਗਰੀਮੈਂਟ ਹੁਣ 21 ਜੁਲਾਈ ਨੂੰ ਖ਼ਤਮ ਹੋ ਰਿਹਾ ਹੈ।
ਉੁਨ੍ਹਾਂ ਕਿਹਾ ਕਿ ਅਸੀਂ ਇਹ ਬਿੱਲ ਲਿਆ ਰਹੇ ਹਾਂ ਕਿ ਜਦੋਂ ਗੁਰਬਾਣੀ ਚੱਲ ਰਹੀ ਹੋਵੇ ਉਸ ਵੇਲੇ ਅਤੇ ਗੁਰਬਾਣੀ ਚੱਲਣ ਤੋਂ 30 ਮਿੰਟ ਪਹਿਲਾਂ ਅਤੇ 30 ਮਿੰਟ ਬਾਅਦ ਕੋਈ ਵੀ ਐਡ ਨਾ ਚੱਲੇ। ਮੁੱਖ ਮੰਤਰੀ ਨੇ ਕਿਹਾ ਕਿ ਇਸ ਵੇਲੇ ਗੁਰਬਾਣੀ ਫਰੀ-ਟੂ-ਏਅਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਗੁਰਬਾਣੀ ਨੂੰ ਪੂਰੀ ਦੁਨੀਆ ‘ਚ ਫੈਲਣ ਦੇਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਲੋਕ ਜਿਹੜਾ ਮਰਜ਼ੀ ਚੈਨਲ ਲਾਉਣ, ਉਨ੍ਹਾਂ ਨੂੰ ਗੁਰਬਾਣੀ ਸੁਣਨ ਨੂੰ ਮਿਲੇ। ਗੁਰਬਾਣੀ ਦਾ ਪ੍ਰਸਾਰ ਅਤੇ ਪ੍ਰਚਾਰ ਪੂਰੀ ਦੁਨੀਆ ‘ਚ ਹੋਣਾ ਚਾਹੀਦਾ ਹੈ।