ਚੰਡੀਗੜ੍ਹ, 27 ਅਪ੍ਰੈਲ 2022 – ਵਿਸ਼ਵ ਭਰ ਵਿੱਚ ਸਿੱਖ ਧਰਮ ਦੇ ਪ੍ਰਸਾਰ ਦੀ ਵਿਸ਼ਾਲਤਾ ਅਤੇ ਤੀਬਰਤਾ ਦੀ ਤੁਲਨਾ ਵਿਚ ਸਿੱਖਾਂ ਦੀ ਸਿਰਮੌਰ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਵਾਰਾ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਛਪਾਈ ਲਈ ਕੀਤੇ ਗਏ ਪ੍ਰਬੰਧਾਂ ‘ਤੇ ਸਵਾਲ ਕਰਦੇ ਹੋਏ ਥਮਿੰਦਰ ਸਿੰਘ ਆਨੰਦ ਨੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਉਹ ਕੁਝ ਚੋਣਵੇਂ ਲੋਕਾਂ ਦੀਆਂ ਸਿਆਸੀ ਖਾਹਿਸ਼ਾਂ ਦੀ ਪੂਰਤੀ ਕਰਨ ਦੀ ਬਜਾਏ ਆਪਣਾ ਧਿਆਨ ਸਿੱਖ ਮੁੱਦਿਆਂ, ਖਾਸ ਕਰਕੇ ਸਿੱਖ ਧਾਰਮਿਕ ਮੁੱਦਿਆਂ ਵੱਲ ਮੋੜਨ।
ਅਮਰੀਕਾ ਸਥਿਤ ਸਿਖਬੂਕਕਲੱਬ ਡਾਟ ਕੋਮ ਦੇ ਥਮਿੰਦਰ ਸਿੰਘ ਆਨੰਦ ਨੇ ਇੱਕ ਸਖ਼ਤ ਬਿਆਨ ਵਿੱਚ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਨੇ ਆਪਣੇ ਗਠਨ ਤੋਂ ਬਾਅਦ ਪੰਜਾਬ ਤੋਂ ਬਾਹਰ ਰਹਿੰਦੇ ਸਿੱਖਾਂ ਨੂੰ ਕੋਈ ਮਹੱਤਵਪੂਰਨ ਪ੍ਰਤੀਨਿਧਤਾ ਨਹੀਂ ਦਿੱਤੀ ਹੈ। “ਸਿੱਖ ਦੁਨੀਆਂ ਭਰ ਵਿਚ ਫੈਲ ਚੁੱਕੇ ਹਨ ਅਤੇ ਇਸ ਲਈ ਸਾਰੇ ਦੇਸ਼ਾਂ ਵਿਚ ਗੁਰਦੁਆਰੇ ਉਸਾਰੇ ਗਏ ਹਨ, ਸਿੱਖ ਮਸਲੇ ਵੀ ਵਧਦੇ ਜਾ ਰਹੇ ਹਨ ਪਰ ਸਿੱਖਾਂ ਦੀ ਇਕਲੌਤੀ ਪ੍ਰਤੀਨਿਧ ਹੋਣ ਦਾ ਦਾਅਵਾ ਕਰਨ ਵਾਲੀ ਸ਼੍ਰੋਮਣੀ ਕਮੇਟੀ ਨੂੰ ਉਨ੍ਹਾਂ ਦੇ ਮਸਲਿਆਂ ਦੀ ਕੋਈ ਚਿੰਤਾ ਨਹੀਂ ਹੈ। ਸਗੋਂ ਇਹ ਆਪਣਾ ਪ੍ਰਭਾਵ ਅਤੇ ਊਰਜਾ ਬਿਨਾਂ ਕੋਈ ਅਸਲ ਕੰਮ ਕੀਤੇ ਆਪਣੀ ਸਰਵਉੱਚਤਾ ਦਾ ਪ੍ਰਚਾਰ ਕਰਨ ਦੇ ਲਈ ਵਰਤ ਰਹੀ ਹੈ ,” ਥਮਿੰਦਰ ਸਿੰਘ ਆਨੰਦ ਨੇ ਕਿਹਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਵਿੱਚ ਹੋਈਆਂ ਗਲਤੀਆਂ ਦਾ ਮੁੱਦਾ ਮੁੜ ਚੇਤੇ ਕਰਵਾਉਂਦੇ ਹੋਏ ਉਨ੍ਹਾਂ ਕਿਹਾ ਕਿ ਇਸ ਕਾਰਜ ਲਈ ਤਿੰਨ ਕਮੇਟੀਆਂ ਗਠਿਤ ਹੋਣ ਦੇ ਬਾਵਜੂਦ 1952 ਤੋਂ ਲੈ ਕੇ ਹੁਣ ਤੱਕ ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ 4000 ਤੋਂ ਵੱਧ ਛਪਾਈ ਦੀਆਂ ਗਲਤੀਆਂ ਨੂੰ ਸੁਧਾਰਨ ਲਈ ਕੋਈ ਉਪਰਾਲਾ ਨਹੀਂ ਕੀਤਾ। ਇਨ੍ਹਾਂ ਤਿੰਨਾਂ ਵਿੱਚੋਂ ਕਿਸੇ ਵੀ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਨਹੀਂ ਕੀਤਾ ਗਿਆ ਹੈ।” ਉਨ੍ਹਾਂ ਅੱਗੇ ਕਿਹਾ, “ਇਨ੍ਹਾਂ 4000 ਤੋਂ ਵੱਧ ਛਪਾਈ ਦੀਆਂ ਗਲਤੀਆਂ ਦੀ ਪਛਾਣ ਕਿਸੇ ਹੋਰ ਨੇ ਨਹੀਂ ਬਲਕਿ ਉਨ੍ਹਾਂ ਦੀਆਂ ਆਪਣੀਆਂ ਕਮੇਟੀਆਂ ਦੁਆਰਾ ਕੀਤੀ ਗਈ ਸੀ, ਜਿਨ੍ਹਾਂ ਦੀ ਪ੍ਰਧਾਨਗੀ ਅਕਾਲ ਤਖ਼ਤ ਦੇ ਜਥੇਦਾਰ ਨੇ ਕੀਤੀ ਸੀ।”
ਉਨ੍ਹਾਂ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਅਪੀਲ ਕੀਤੀ ਕਿ ਉਹ ਸਿੱਖਾਂ ਨੂੰ ਦੱਸਣ ਕਿ ਸ਼੍ਰੋਮਣੀ ਕਮੇਟੀ ਵੱਲੋਂ ਛਪਾਈ ਸ਼ੁਰੂ ਕਰਨ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਿਹੜੇ ਹੱਥ ਲਿਖਤ ਸਰੂਪ ਦੀ ਪਾਲਣਾ ਕੀਤੀ ਗਈ ਸੀ ਅਤੇ ਇਸ ਮਕਸਦ ਲਈ ਬੁੱਧੀਜੀਵੀਆਂ ਦੀ ਕਿਹੜੀ ਕਮੇਟੀ ਬਣਾਈ ਗਈ ਸੀ।
ਇਹ ਦੱਸਦੇ ਹੋਏ ਕਿ ਸ਼੍ਰੋਮਣੀ ਕਮੇਟੀ ਦਾ ਅਧਿਕਾਰ ਖੇਤਰ ਲਗਾਤਾਰ ਸੁੰਗੜ ਰਿਹਾ ਹੈ, ਥਮਿੰਦਰ ਸਿੰਘ ਆਨੰਦ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਖੇਤਰ ਹੁਣ ਬਹੁਤ ਸੀਮਤ ਹੋ ਕੇ ਪੰਜਾਬ-ਹਰਿਆਣਾ ਦੀ ਸ਼ੰਭੂ ਸਰਹੱਦ ਤੱਕ ਸੁੰਗੜ ਕੇ ਰਹਿ ਗਿਆ ਹੈ, ਜਦੋਂ ਵਿਦੇਸ਼ਾਂ ਵਿਚ ਵਸਦੇ ਸਿੱਖ ਆਪਣੇ ਮਸਲੇ ਸਾਂਝੇ ਕਰ ਸਕਦੇ ਹਨ, ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਸਿੱਖ ਮਸਲਿਆਂ ਨੂੰ ਸੁਲਝਾਉਣ ਵਿੱਚ ਆਪਣੀ ਅਜਾਰੇਦਾਰੀ ਦਾ ਹਵਾਲਾ ਦੇ ਕੇ ਰੁਕਾਵਟਾਂ ਖੜ੍ਹੀਆਂ ਕਰਦੇ ਹਨ, ਇਸੇ ਕਰਕੇ ਇਹ ਮਸਲੇ ਹੱਲ ਹੋਣ ਦੀ ਬਜਾਏ ਲਟਕਦੇ ਰਹਿੰਦੇ ਹਨ ਅਤੇ ਹੋਰ ਗੁੰਝਲਦਾਰ ਬਣ ਜਾਂਦੇ ਹਨ।”