ਚੰਡੀਗੜ੍ਹ, 15 ਸਤੰਬਰ 2023 – ‘Peanuts King’ ਦੇ ਨਾਂਅ ਨਾਲ ਮਸ਼ਹੂਰ ਸਿਮਰਪਾਲ ਸਿੰਘ ਲਗਭਗ ਅੱਧੀ ਦੁਨੀਆ ਨੂੰ ਮੂੰਗਫਲੀ ਪਹੁੰਚਾ ਰਿਹਾ ਹੈ। ਇਸ ਦੇ ਲਈ ਉਹ 20 ਹਜ਼ਾਰ ਹੈਕਟੇਅਰ ਜ਼ਮੀਨ ‘ਤੇ ਸਿਰਫ ਮੂੰਗਫਲੀ ਦੀ ਖੇਤੀ ਕਰਦਾ ਹੈ।
ਸਿਮਰਪਾਲ ਸਿੰਘ ਮੂਲ ਰੂਪ ‘ਚ ਭਾਰਤ ਦਾ ਵਾਸੀ ਹੈ। ਉਸਨੇ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਖੇਤੀਬਾੜੀ ਵਿੱਚ ਬੀਏਸੀ ਆਨਰਜ਼ ਕੀਤੀ ਹੈ। ਫਿਰ ਗੁਜਰਾਤ ਇੰਸਟੀਚਿਊਟ ਆਫ ਰੂਰਲ ਮੈਨੇਜਮੈਂਟ ਤੋਂ ਐਮ.ਬੀ.ਏ. ਕੀਤੀ ਹੈ। ਅਫਰੀਕਾ, ਘਾਨਾ, ਆਈਵਰੀ ਕੋਸਟ ਅਤੇ ਪੂਰਬੀ ਮੋਜ਼ਾਮਬੀਕਨ ਵਿੱਚ ਕੰਮ ਕਰਨ ਤੋਂ ਬਾਅਦ, ਉਸਦਾ ਪਰਿਵਾਰ 2005 ਵਿੱਚ ਅਰਜਨਟੀਨਾ ਵਿੱਚ ਵਸ ਗਿਆ।
ਸਿਮਰਪਾਲ ਦੱਸਦਾ ਹੈ ਕਿ ਸ਼ੁਰੂ ਵਿੱਚ ਉਸਨੇ ਖੇਤੀ ਲਈ ਅਰਜਨਟੀਨਾ ਵਿੱਚ 40 ਹੈਕਟੇਅਰ ਜ਼ਮੀਨ ਖਰੀਦੀ ਸੀ। ਪਰ ਅੱਜ ਉਹ 20 ਹਜ਼ਾਰ ਹੈਕਟੇਅਰ ਜ਼ਮੀਨ ‘ਤੇ ਸਿਰਫ ਮੂੰਗਫਲੀ ਅਤੇ 10 ਹਜ਼ਾਰ ਹੈਕਟੇਅਰ ‘ਤੇ ਸੋਇਆ ਅਤੇ ਮੱਕੀ ਦੀ ਖੇਤੀ ਕਰਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਦੀ ਕੰਪਨੀ ਕੋਲ ਖੇਤੀਬਾੜੀ ਨਾਲ ਸਬੰਧਤ ਕਰੀਬ 47 ਉਤਪਾਦ ਹਨ। ਸਿਮਰਪਾਲ ਸਿੰਘ ਦੀ ਕੰਪਨੀ ‘ਓਲਮ ਇੰਟਰਨੈਸ਼ਨਲ’ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਮੂੰਗਫਲੀ ਨਿਰਯਾਤ ਕਰਨ ਵਾਲੀ ਕੰਪਨੀ ਹੈ, ਜਿਸਦਾ ਕਾਰੋਬਾਰ ਦੁਨੀਆ ਦੇ 70 ਦੇਸ਼ਾਂ ਵਿੱਚ ਫੈਲਿਆ ਹੋਇਆ ਹੈ, ਜਿੱਥੇ ਲਗਭਗ 17 ਹਜ਼ਾਰ ਲੋਕ ਕੰਮ ਕਰ ਰਹੇ ਹਨ।
ਇਹ ਮਾਣ ਵਾਲੀ ਗੱਲ ਹੈ ਕਿ ਅੱਜ ਅਰਜਨਟੀਨਾ ਦੇ ਬਹੁਤ ਸਾਰੇ ਗੈਰ-ਸਿੱਖ ਲੋਕ ਵੀ ਦਸਤਾਰ ਸਜਾਉਣ ਲੱਗ ਪਏ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਪੱਗ ਬੰਨ੍ਹਣਾ ਉਨ੍ਹਾਂ ਦੇ ਅਮੀਰ ਜਾਂ ਸ਼ਾਹੀ ਹੋਣ ਦੀ ਨਿਸ਼ਾਨੀ ਹੈ। ਵਿਦੇਸ਼ਾਂ ਵਿਚ ਰਹਿੰਦਿਆਂ ਜਿਸ ਤਰ੍ਹਾਂ ਸਿਮਰਪਾਲ ਨੇ ਆਪਣੇ ਦੇਸ਼ ਅਤੇ ਸਮਾਜ ਦਾ ਨਾਂ ਰੌਸ਼ਨ ਕੀਤਾ ਹੈ, ਉਹ ਸ਼ਲਾਘਾਯੋਗ ਹੈ।