ਸੁਲਤਾਨਪੁਰ ਲੋਧੀ ਦੇ ਨੌਜਵਾਨ ਨੇ ਸਕੇਟਿੰਗ ਕਰਕੇ ਤਖਤ ਸ੍ਰੀ ਹਜ਼ੂਰ ਸਾਹਿਬ ਤੱਕ 2000 KM ਦੀ ਕੀਤੀ ਯਾਤਰਾ

ਸੁਲਤਾਨਪੁਰ ਲੋਧੀ 14 ਮਾਰਚ 2025 – ਪੰਜਾਬ ਦਾ ਇੱਕ ਸਿੱਖ ਨੌਜਵਾਨ ਤਖਤ ਸ਼੍ਰੀ ਹਜੂਰ ਸਾਹਿਬ ਵਿਖੇ ਨਤਮਸਤਕ ਹੁਣ ਮਗਰੋਂ ਸੁਲਤਾਨਪੁਰ ਲੋਧੀ ਵਾਪਸ ਪਰਤਿਆ ਹੈ। ਖਾਸ ਗੱਲ ਇਹ ਹੈ ਕਿ ਨੌਜਵਾਨ 2000 ਕਿਲੋਮੀਟਰ ਸਕੇਟਿੰਗ ਕਰਦਿਆਂ ਹੋਇਆ, ਇਥੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ (ਸੁਲਤਾਨਪੁਰ ਲੋਧੀ) ਤੋਂ 1 ਫਰਵਰੀ ਨੂੰ ਰਵਾਨਾ ਹੋਇਆ ਸੀ ਤੇ ਆਪਣੀ ਅਨੋਖੀ ਧਾਰਮਿਕ ਯਾਤਰਾ ਮੁਕੰਮਲ ਕਰਕੇ ਅੱਜ ਮੁੜ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਇਆ ਹੈ। ਇਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁ. ਸਾਹਿਬ ਦੇ ਮੈਨੇਜਰ ਭਾਈ ਅਵਤਾਰ ਸਿੰਘ ਨੇ ਪੁਨੀਤ ਸਿੰਘ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ।

ਦੱਸ ਦਈਏ ਕਿ ਇਸ ਨੌਜਵਾਨ ਵੱਲੋਂ ਤਖਤ ਸ਼੍ਰੀ ਹਜੂਰ ਸਾਹਿਬ ਵਿਖੇ ਅੰਮ੍ਰਿਤ ਛਕਿਆ ਗਿਆ ਅਤੇ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕੀਤੀ ਗਈ ਹੈ। ਇਸ ਨੌਜਵਾਨ ਦਾ ਨਾਮ ਪੁਨੀਤ ਸਿੰਘ ਹੈ ਅਤੇ ਉਮਰ ਸਿਰਫ਼ 17 ਸਾਲ ਹੈ ਤੇ ਇਹ ਨੌਜਵਾਨ ਸੁਲਤਾਨਪੁਰ ਲੋਧੀ ਦੇ ਇੱਕ ਛੋਟੇ ਜਿਹੇ ਪਿੰਡ ਝੱਲ ਲਈ ਵਾਲਾ ਦਾ ਰਹਿਣ ਵਾਲਾ ਹੈ।

ਇਸ ਛੋਟੀ ਜਿਹੀ ਉਮਰ ਵਿੱਚ ਇਹ ਪ੍ਰਾਪਤੀ ਲਈ ਉਸ ਨੇ ਬੇਹਦ ਸੰਘਰਸ਼ ਕੀਤਾ ਹੈ। ਗੱਲਬਾਤ ਕਰਦਿਆਂ ਹੋਇਆਂ ਪੁਨੀਤ ਸਿੰਘ ਨੇ ਦੱਸਿਆ ਕਿ ਉਹ ਖੁਦ ਨੂੰ ਬੇਹਦ ਖੁਸ਼ਨਸੀਬ ਮਹਿਸੂਸ ਕਰ ਰਿਹਾ ਹੈ ਕਿ ਉਸ ਨੇ ਗੁਰੂ ਦੀ ਕਿਰਪਾ ਦੇ ਨਾਲ ਇਸ ਯਾਤਰਾ ਨੂੰ ਪੂਰਾ ਕੀਤਾ ਹੈ। ਕਿਉਂਕਿ ਗੁਰੂ ਦਾ ਓਟ ਆਸਰਾ ਲੈ ਕੇ ਹੀ ਉਸ ਨੇ ਆਪਣੀ ਯਾਤਰਾ ਨੂੰ ਸ਼ੁਰੂ ਕੀਤਾ ਸੀ। ਉਸ ਨੇ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਵੀ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸਕੇਟਿੰਗ ਕਰਦਾ ਹੋਇਆ ਧਾਰਮਿਕ ਯਾਤਰਾਵਾਂ ਕਰ ਚੁੱਕਾ ਹੈ। ਹੁਣ ਉਸ ਦੇ ਮਨ ਵਿੱਚ ਸੀ ਕਿ ਕੁਝ ਵੱਡਾ ਕੀਤਾ ਜਾਵੇ ਤਾਂ ਇਹ ਉਸ ਨੇ ਸਕੇਟਿੰਗ ਕਰਦਿਆਂ ਹੋਇਆਂ ਸ੍ਰੀ ਹਜ਼ੂਰ ਸਾਹਿਬ ਜਾਣ ਦਾ ਫੈਸਲਾ ਲਿਆ ਸੀ।

ਉਸ ਨੇ ਦੱਸਿਆਕਿ ਇਸ ਯਾਤਰਾ ਦੌਰਾਨ ਉਸ ਨੇ ਕਾਫੀ ਕਠਿਨਾਈਆਂ ਦਾ ਸਾਹਮਣਾ ਕੀਤਾ। ਉੱਚਿਆਂ ਪਹਾੜਾਂ ਅਤੇ ਖਰਾਬ ਰਸਤਿਆਂ ਦਾ ਵੀ ਟਾਕਰਾ ਕੀਤਾ। ਉਸਨੇ ਦੱਸਿਆ ਕਿ ਉਹ ਆਪਣੇ ਨਾਲ ਇੱਕ 20 ਕਿੱਲੋ ਦਾ ਬੈਗ ਵੀ ਰੱਖਦਾ ਸੀ ਜਿਸ ਵਿੱਚ ਉਹ ਆਪਣਾ ਖਾਣ-ਪੀਣ ਦਾ ਸਮਾਨ ਅਤੇ ਰਾਤ ਵੇਲੇ ਕੈਂਪਿੰਗ ਕਰਨ ਦਾ ਸਮਾਨ ਲਿਜਾਂਦਾ ਸੀ।

ਪਰਿਵਾਰ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਉਸ ਨੇ ਦੱਸਿਆ ਕਿ ਉਸ ਦੀ ਮਾਤਾ ਇਸ ਦੁਨੀਆਂ ਵਿੱਚ ਨਹੀਂ ਹੈ ਤੇ ਉਸ ਦੇ ਦਾਦਾ ਦਾਦੀ ਨੇ ਉਸ ਨੂੰ ਪਾਲਿਆ ਹੈ। ਉਸਦਾ ਪਰਿਵਾਰ ਆਰਥਿਕ ਮੰਦਹਾਲੀ ਦੇ ਨਾਲ ਜੂਝ ਰਿਹਾ ਹੈ। ਇਸ ਦੇ ਬਾਵਜੂਦ ਉਸ ਦਾ ਪਰਿਵਾਰ ਉਸ ਨੂੰ ਇਸ ਕਾਰਜ ਵਿੱਚ ਖੂਬ ਉਤਸਾਹਿਤ ਕਰਦਾ ਹੈ।

ਪੁਨੀਤ ਨੇ ਅੱਗੇ ਦੱਸਿਆ ਕਿ ਉਸ ਦਾ ਸੁਫਨਾ ਹੈ ਕਿ ਉਹ ਸਰਕਾਰੀ ਨੌਕਰੀ ਹਾਸਲ ਕਰੇ ਅਤੇ ਹੋਰ ਬੱਚਿਆਂ ਨੂੰ ਵੀ ਸਕੇਟਿੰਗ ਦੀ ਟ੍ਰੇਨਿੰਗ ਦੇਵੇ। ਉਸ ਨੇ ਦੱਸਿਆ ਕਿ ਉਹ ਫਿਲਹਾਲ ਇਲਾਕੇ ਦੇ ਇੱਕਾ-ਦੁੱਕਾ ਨਿੱਜੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸਕੇਟਿੰਗ ਦੀ ਟ੍ਰੇਨਿੰਗ ਦੇ ਰਿਹਾ ਹੈ। ਹੁਣ ਲੋੜ ਹੈ ਸਮਾਜ ਸੇਵੀ ਸੰਸਥਾਵਾਂ ਅਤੇ ਪ੍ਰਸ਼ਾਸਨ ਨੂੰ ਕਿ ਉਹ ਇਸ ਲੋੜਵੰਦ ਅਤੇ ਹੁਨਰਮੰਦ ਨੌਜਵਾਨ ਦੀ ਬਾਂਹ ਫੜੇ ਅਤੇ ਇਸ ਨੂੰ ਹੋਰ ਉਤਸਾਹਿਤ ਕਰੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਸਰਕਾਰ ਨੇ OTS ਸਕੀਮ ਦਾ ਨੋਟੀਫਿਕੇਸ਼ਨ ਜਾਰੀ ਕੀਤਾ: ਉਦਯੋਗਿਕ ਪਲਾਟ ਮਾਲਕਾਂ ਨੂੰ ਵੱਡੀ ਰਾਹਤ

ਪੰਜਾਬ ਵਿੱਚ ਈ-ਕੇਵਾਈਸੀ ਤੋਂ ਬਾਅਦ ਹੀ ਮਿਲੇਗਾ ਰਾਸ਼ਨ: KYC ਲਈ ਆਖਰੀ ਤਾਰੀਖ 31 ਮਾਰਚ