- ਸਕੱਤਰ ਸ. ਪ੍ਰਤਾਪ ਸਿੰਘ ਵੱਲੋਂ ਸ਼ਰਧਾਲੂ ਪਰਿਵਾਰ ਨੂੰ ਕੀਤਾ ਸਨਮਾਨਿਤ
ਅੰਮ੍ਰਿਤਸਰ, 25 ਅਪ੍ਰੈਲ 2023 – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਵੱਲੋਂ ਸ਼ਰਧਾ ਤੇ ਸਤਿਕਾਰ ਭੇਟ ਕਰਦਿਆਂ ਸੇਵਾਵਾਂ ਵਿਚ ਹਿੱਸਾ ਪਾਇਆ ਜਾਂਦਾ ਹੈ। ਇਸੇ ਤਹਿਤ ਅੱਜ ਉੱਤਰ ਪ੍ਰਦੇਸ਼ ਦੇ ਕਾਨ੍ਹਪੁਰ ਨਿਵਾਸੀ ਸ. ਰਣਜੀਤ ਸਿੰਘ ਨੇ ਆਪਣੇ ਧਰਮ ਪਤਨੀ ਬੀਬੀ ਕੁਲਵੰਤ ਕੌਰ ਦੀ ਯਾਦ ’ਚ 9 ਲੱਖ 50 ਹਜ਼ਾਰ ਰੁਪਏ, ਸਰਾਵਾਂ ਲਈ 500 ਚਾਂਦਰਾਂ ਅਤੇ ਗੁਰੂ ਕੇ ਲੰਗਰਾਂ ਲਈ ਰਸਦਾਂ ਭੇਟ ਕੀਤੀਆਂ।
ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਲੱਖਾਂ ਦੀ ਗਿਣਤੀ ਸੰਗਤ ਨਤਮਸਤਕ ਹੁੰਦੀ ਹੈ ਅਤੇ ਆਪਣੀ ਸ਼ਰਧਾ ਅਨੁਸਾਰ ਭੇਟਾਵਾਂ ਅਰਪਤ ਕਰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਗੁਰੂ ਘਰ ਦੇ ਸ਼ਰਧਾਲੂ ਸ. ਰਣਜੀਤ ਸਿੰਘ ਆਪਣੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਏ ਸਨ, ਜਿਨ੍ਹਾਂ ਨੇ ਆਪਣੀ ਪਤਨੀ ਬੀਬੀ ਕੁਲਵੰਤ ਕੌਰ ਦੀ ਯਾਦ ਵਿਚ 7 ਲੱਖ 50 ਹਜ਼ਾਰ ਰੁਪਏ ਦੀ ਰਾਸ਼ੀ ਦਾ ਚੈੱਕ ਅਤੇ 2 ਲੱਖ ਰੁਪਏ ਨਕਦ ਦਿੱਤੇ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਵੱਲੋਂ ਸਰਾਵਾਂ ਲਈ 500 ਚਾਂਦਰਾਂ ਅਤੇ ਲੰਗਰ ਲਈ ਵੀ ਰਸਦਾਂ ਭੇਟ ਕੀਤੀਆਂ ਗਈਆਂ ਹਨ। ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਸਕੱਤਰ ਸ. ਪ੍ਰਤਾਪ ਸਿੰਘ ਤੇ ਵਧੀਕ ਮੈਨੇਜਰ ਸ. ਗੁਰਪ੍ਰੀਤ ਸਿੰਘ ਨੇ ਸ. ਰਣਜੀਤ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਅਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ।