ਲੁਧਿਆਣਾ, 16 ਜੁਲਾਈ 2022 – ਜਬਰ ਜਨਾਹ ਮਾਮਲੇ ਦੇ ਮੁਲਜ਼ਮ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਦਾ ਅੱਜ ਅਦਾਲਤ ਤੋਂ ਪੁਲੀਸ ਨੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਜਦਕਿ ਬਾਕੀ 4 ਦੋਸ਼ੀਆਂ ਨੂੰ 14 ਦਿਨਾਂ ਲਈ ਨਿਆਇਕ ਜੇਲ੍ਹ ਭੇਜ ਦਿੱਤਾ ਗਿਆ ਹੈ।
ਦੱਸ ਦੇਈਏ ਕਿ 11 ਜੁਲਾਈ ਨੂੰ ਬੈਂਸ ਨੇ 4 ਸਾਥੀਆਂ ਸਮੇਤ ਅਦਾਲਤ ਵਿੱਚ ਆਤਮ ਸਮਰਪਣ ਕੀਤਾ ਸੀ। ਪੁਲਿਸ ਨੇ ਪਹਿਲੀ ਵਾਰ ਬੈਂਸ ਤੇ ਉਸ ਦੇ ਸਾਥੀਆਂ ਦਾ 3 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਦੂਜੀ ਵਾਰ 2 ਦਿਨ ਦਾ ਰਿਮਾਂਡ ਦਿੱਤਾ ਗਿਆ। ਕਿਆਸ ਲਗਾਏ ਜਾ ਰਹੇ ਸਨ ਕਿ ਸ਼ਾਇਦ ਅੱਜ ਬੈਂਸ ਨੂੰ ਜੇਲ੍ਹ ਭੇਜਿਆ ਜਾ ਸਕਦਾ ਹੈ ਪਰ ਅੱਜ ਫਿਰ ਪੁਲਿਸ ਨੇ 2 ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ।
ਰਿਮਾਂਡ ਦੌਰਾਨ ਬੈਂਸ ਤੋਂ ਪੁੱਛਗਿੱਛ ਕੀਤੀ ਜਾਵੇਗੀ। ਬੈਂਸ ਨੇ ਅੱਜ ਅਦਾਲਤ ਵਿੱਚ ਵੀ ਆਪਣੀ ਦਲੀਲ ਪੇਸ਼ ਕੀਤੀ। ਇਸ ਦੇ ਨਾਲ ਹੀ ਵੇਰਕਾ ਮਿਲਕ ਪਲਾਂਟ ਦੇ ਜਨਰਲ ਮੈਨੇਜਰ ਵੱਲੋਂ 2018 ਵਿੱਚ ਸਰਾਭਾ ਨਗਰ ਥਾਣੇ ਵਿੱਚ ਬੈਂਸ ਤੇ ਉਸ ਦੇ ਕੁਝ ਸਾਥੀਆਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਬੈਂਸ ਨੇ ਮਿਲਕ ਪਲਾਂਟ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲਾ ਲਿਆ ਸੀ। ਇਸ ਮਾਮਲੇ ‘ਚ ਬੈਂਸ ਵੱਲੋਂ ਅਦਾਲਤ ਦੇ ਸੰਮਨ ਨੂੰ ਅਣਗੌਲਿਆ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਬੈਂਸ ਅਤੇ ਉਸ ਦੇ ਸਾਥੀਆਂ ਨੂੰ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਸੀ। ਇਸ ਮਾਮਲੇ ਵਿੱਚ ਵੀ ਕਾਰਵਾਈ ਕੀਤੀ ਜਾ ਰਹੀ ਹੈ।
ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਸੁਮਿਤ ਮੱਕੜ ਦੇ ਹੁਕਮਾਂ ‘ਤੇ ਸਿਮਰਜੀਤ ਸਿੰਘ ਬੈਂਸ ਖ਼ਿਲਾਫ਼ ਧਾਰਾ 174ਏ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। 52 ਸਾਲਾ ਸਿਮਰਜੀਤ ਸਿੰਘ ਬੈਂਸ ਅਤੇ ਉਸ ਦੇ ਸਮਰਥਕਾਂ ਵਿਰੁੱਧ 12 ਜੂਨ 2018 ਨੂੰ ਸਰਾਭਾ ਨਗਰ ਥਾਣਾ ਸਰਾਭਾ ਨਗਰ ਲੁਧਿਆਣਾ ਵਿਖੇ ਧਾਰਾ 353,186, 451, 149 ਅਤੇ 506 ਤਹਿਤ ਅਣਅਧਿਕਾਰਤ ਤੌਰ ‘ਤੇ ਵੇਰਕਾ ਮਿਲਕ ਪਲਾਂਟ ‘ਚ ਦਾਖਲ ਹੋਣ, ਕਰਮਚਾਰੀਆਂ ਨਾਲ ਦੁਰਵਿਵਹਾਰ ਕਰਨ ਆਦਿ ਸਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਸੀ | . ਇਸ ਮਾਮਲੇ ‘ਚ ਪੁਲਸ ਆਉਣ ਵਾਲੇ ਸਮੇਂ ‘ਚ ਰਿਮਾਂਡ ਦੀ ਮੰਗ ਕਰੇਗੀ।