- ਦੋਸ਼ੀਆਂ ਦੇ ਘਰਾਂ ਅਤੇ ਜਨਤਕ ਥਾਵਾਂ ‘ਤੇ ਲੱਗੇ ਪੋਸਟਰ, ਛਾਪੇਮਾਰੀ ਜਾਰੀ
ਲੁਧਿਆਣਾ, 4 ਮਈ 2022 – ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਸਮੇਤ ਜਬਰ ਜਨਾਹ ਮਾਮਲੇ ਵਿੱਚ ਸ਼ਾਮਲ ਹੋਰਨਾਂ ਨੂੰ ਸਮੇਂ ਸਿਰ ਪੇਸ਼ ਨਾ ਹੋਣ ਕਾਰਨ ਅਦਾਲਤ ਵੱਲੋਂ ਭਗੌੜਾ ਐਲਾਨ ਦਿੱਤਾ ਗਿਆ ਹੈ। ਸਾਬਕਾ ਵਿਧਾਇਕ ਬੈਂਸ ਤੋਂ ਇਲਾਵਾ ਮੰਗਲਵਾਰ ਨੂੰ ਸ਼ਹਿਰ ਵਿੱਚ ਕਰਮਜੀਤ ਸਿੰਘ ਬੈਂਸ, ਪਰਮਜੀਤ ਸਿੰਘ ਬੈਂਸ, ਪ੍ਰਦੀਪ ਕੁਮਾਰ ਗੋਗੀ, ਸੁਖਚੈਨ ਸਿੰਘ, ਬਲਜਿੰਦਰ ਕੌਰ ਅਤੇ ਜਸਬੀਰ ਕੌਰ ਦੇ ਵਾਂਟੇਡ ਦੇ ਪੋਸਟਰ ਲਗਾਏ ਗਏ ਹਨ।
ਬੈਂਸ ਲਗਾਤਾਰ ਸੋਸ਼ਲ ਮੀਡੀਆ ‘ਤੇ ਐਕਟਿਵ ਸਨ, ਜਿਸ ਕਾਰਨ ਲੁਧਿਆਣਾ ਪੁਲਿਸ ਕਿਤੇ ਨਾ ਕਿਤੇ ਘਿਰੀ ਨਜ਼ਰ ਆ ਰਹੀ ਸੀ। ਹੁਣ ਇਸ ਮਾਮਲੇ ‘ਚ ਪੁਲਿਸ ਨੇ ਵੱਡਾ ਕਦਮ ਚੁੱਕਿਆ ਹੈ। ਪੁਲੀਸ ਅਨੁਸਾਰ ਕਈ ਥਾਵਾਂ ’ਤੇ ਛਾਪੇ ਮਾਰੇ ਜਾ ਰਹੇ ਹਨ ਪਰ ਮੁਲਜ਼ਮ ਪੁਲੀਸ ਦੀ ਪਕੜ ਤੋਂ ਦੂਰ ਹਨ।
ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ 6 ਵਿੱਚ ਕੇਸ ਦਰਜ ਕਰ ਲਿਆ ਹੈ। ਧਿਆਨ ਯੋਗ ਹੈ ਕਿ ਪੀੜਤ ਔਰਤ ਵੱਲੋਂ 10 ਜੁਲਾਈ 2021 ਨੂੰ ਸਿਮਰਜੀਤ ਸਿੰਘ ਬੈਂਸ ਅਤੇ ਉਸਦੇ ਸਾਥੀਆਂ ਖਿਲਾਫ ਥਾਣਾ ਡਿਵੀਜ਼ਨ ਨੰਬਰ 6 ਵਿੱਚ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਐਸਐਚਓ ਮਧੂਬਾਲਾ ਨੇ ਦੱਸਿਆ ਕਿ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਹੋਰ ਮੁਲਜ਼ਮਾਂ ਨੂੰ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਹੈ। ਪੁਲਿਸ ਇਸ ਮਾਮਲੇ ‘ਚ ਲਗਾਤਾਰ ਕਾਰਵਾਈ ਕਰ ਰਹੀ ਹੈ। ਬੈਂਸ ਅਤੇ ਉਸ ਦੇ ਸਾਥੀਆਂ ਦੀਆਂ ਸੋਸ਼ਲ ਮੀਡੀਆ ਗਤੀਵਿਧੀਆਂ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਮੰਗਲਵਾਰ ਨੂੰ ਸਿਮਰਜੀਤ ਸਿੰਘ ਬੈਂਸ ਦੇ ਘਰਾਂ ਦੇ ਬਾਹਰ ਅਤੇ ਹੋਰ ਜਨਤਕ ਥਾਵਾਂ ‘ਤੇ ਪੋਸਟਰ ਲਗਾਏ ਗਏ। ਮੁਲਜ਼ਮ ਜਲਦੀ ਹੀ ਪੁਲੀਸ ਦੀ ਗ੍ਰਿਫ਼ਤ ਵਿੱਚ ਹੋਣਗੇ।