ਲੁਧਿਆਣਾ, 20 ਜੁਲਾਈ 2022 – ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਖ਼ਿਲਾਫ਼ ਬਲਾਤਕਾਰ ਦਾ ਪਰਚਾ ਦਰਜ ਕਰਵਾਉਣ ਵਾਲੀ ਪੀੜਤ ਔਰਤ ਨੇ ਬੈਂਸ ਦੇ ਭਰਾ ਬਲਵਿੰਦਰ ਬੈਂਸ ਖ਼ਿਲਾਫ਼ ਸੀਪੀ ਨੂੰ ਸ਼ਿਕਾਇਤ ਦਿੱਤੀ ਹੈ। ਜਿਸ ਨੂੰ ਏਡੀਸੀਪੀ ਕੋਲ ਮਾਰਕ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਮੁਲਜ਼ਮ ਬੈਂਸ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਉਸ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ਵਿੱਚ ਲੁਧਿਆਣਾ ਜੇਲ੍ਹ ਭੇਜ ਦਿੱਤਾ ਗਿਆ। ਪਰ ਕੁਝ ਘੰਟਿਆਂ ਵਿੱਚ ਹੀ ਉਸ ਨੂੰ ਬਰਨਾਲਾ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ।
ਬੈਂਸ ਨੂੰ ਸਵੇਰ ਤੋਂ ਦੁਪਹਿਰ ਤੱਕ ਵੱਖ-ਵੱਖ ਅਦਾਲਤਾਂ ਵਿੱਚ ਪੇਸ਼ ਕਰਨ ਤੋਂ ਬਾਅਦ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਜੇਲ੍ਹ ਪਹੁੰਚਣ ‘ਤੇ ਕੁਝ ਘੰਟਿਆਂ ਬਾਅਦ ਬੈਂਸ ਦੇ ਜੇਲ੍ਹ ਸ਼ਿਫਟ ਕਰਨ ਦੇ ਹੁਕਮ ਆ ਗਏ। ਜਿਸ ਤੋਂ ਬਾਅਦ ਉਸ ਨੂੰ ਲੁਧਿਆਣਾ ਤੋਂ ਬਰਨਾਲਾ ਜੇਲ੍ਹ ਭੇਜ ਦਿੱਤਾ ਗਿਆ। ਸੂਤਰਾਂ ਦੀ ਮੰਨੀਏ ਤਾਂ ਇਸ ਜੇਲ੍ਹ ਵਿੱਚ ਕੁਝ ਗੈਂਗਸਟਰ ਬੰਦ ਹਨ, ਜਿਨ੍ਹਾਂ ਤੋਂ ਬੈਂਸ ਨੂੰ ਖ਼ਤਰਾ ਸੀ। ਇਸ ਲਈ ਇਸ ਦੇ ਮੱਦੇਨਜ਼ਰ ਉਸ ਨੂੰ ਕਿਸੇ ਹੋਰ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ।
ਸੋਮਵਾਰ ਨੂੰ ਸਾਬਕਾ ਵਿਧਾਇਕ ਬਲਵਿੰਦਰ ਬੈਂਸ ਵੱਲੋਂ ਪੀੜਤਾ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਤੋਂ ਬਾਅਦ ਪੀੜਤ ਨੇ ਪਹਿਲਾਂ ਬੈਂਸ ਦੇ ਘਰ ਦੇ ਬਾਹਰ ਪ੍ਰੈੱਸ ਕਾਨਫਰੰਸ ਕਰਨੀ ਸੀ, ਪਰ ਫਿਰ ਰੱਦ ਕਰ ਦਿੱਤੀ। ਪਰ ਮੰਗਲਵਾਰ ਸਵੇਰੇ ਉਸ ਨੇ ਸੀਪੀ ਨੂੰ ਲਿਖਤੀ ਸ਼ਿਕਾਇਤ ਦਿੱਤੀ। ਜਿਸ ਵਿੱਚ ਲਿਖਿਆ ਹੈ ਕਿ ਬੈਂਸ ਦੇ ਭਰਾ ਨੇ ਬਿਨਾਂ ਤੱਥਾਂ ਦੇ ਦੋਸ਼ ਲਾਏ ਹਨ, ਇਸ ਲਈ ਮਾਣਹਾਨੀ ਦੇ ਮਾਮਲੇ ਵਿੱਚ ਕਾਰਵਾਈ ਦੀ ਮੰਗ ਕੀਤੀ ਹੈ। ਫਿਲਹਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਜਦੋਂ ਬਲਵਿੰਦਰ ਬੈਂਸ ਨਾਲ ਗੱਲ ਕਰਨ ਲਈ ਫੋਨ ਕੀਤਾ ਗਿਆ ਤਾਂ ਉਨ੍ਹਾਂ ਦਾ ਨੰਬਰ ਸਵਿੱਚ ਆਫ ਆ ਰਿਹਾ ਸੀ।