ਫਤਹਿਗੜ੍ਹ ਸਾਹਿਬ, 1 ਫਰਵਰੀ 2024 – ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੂੰ ਵੀਰਵਾਰ ਤੜਕੇ ਪੁਲਿਸ ਨੇ ਉਨ੍ਹਾਂ ਦੇ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਸਾਥੀਆਂ ਨੂੰ ਵੀ ਫਤਹਿਗੜ੍ਹ ਸਾਹਿਬ ਦੇ ਕਿਲ੍ਹਾ ਹਰਨਾਮ ਸਿੰਘ ਨਗਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਉਸ ਦੀ ਰਿਹਾਇਸ਼ ਦੇ ਆਲੇ-ਦੁਆਲੇ ਪੁਲਿਸ ਬਲ ਤਾਇਨਾਤ ਕਰ ਦਿੱਤੇ ਗਏ ਸਨ ਅਤੇ ਇਲਾਕੇ ਨੂੰ ਛਾਉਣੀ ਵਿਚ ਬਦਲ ਦਿੱਤਾ ਗਿਆ ਸੀ। ਕਿਸੇ ਨੂੰ ਅੰਦਰ ਜਾਣ ਜਾਂ ਬਾਹਰ ਆਉਣ ਦੀ ਇਜਾਜ਼ਤ ਨਹੀਂ ਹੈ।
ਦਰਅਸਲ, ਸਮਾਜ ਸੇਵੀ ਅਤੇ ਬਲਾਗਰ ਭਾਨਾ ਸਿੱਧੂ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਸੰਸਦ ਮੈਂਬਰ ਮਾਨ ਨੇ 1 ਫਰਵਰੀ ਯਾਨੀ ਵੀਰਵਾਰ ਤੋਂ ਧੂਰੀ ਵਿੱਚ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਸੀ। ਸੰਸਦ ਮੈਂਬਰ ਮਾਨ ਬੁੱਧਵਾਰ ਰਾਤ ਨੂੰ ਫਤਿਹਗੜ੍ਹ ਸਾਹਿਬ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਆਏ ਸਨ। ਇਸੇ ਦੌਰਾਨ ਅੱਜ ਤੜਕੇ ਤੋਂ ਹੀ ਉਹ ਆਪਣੇ ਘਰ ਵਿੱਚ ਪੁਲਿਸ ਵੱਲੋਂ ਨਜ਼ਰਬੰਦ ਕੀਤੇ ਹੋਏ ਹਨ।
ਇਸ ਨਜ਼ਰਬੰਦੀ ਦੇ ਵਿਰੋਧ ਵਿੱਚ ਸੰਸਦ ਮੈਂਬਰ ਦੇ ਨਿੱਜੀ ਸਕੱਤਰ ਇਕਬਾਲ ਸਿੰਘ ਨੇ ਕਿਹਾ ਕਿ ਇਹ ਲੋਕਤੰਤਰ ਦਾ ਕਤਲ ਹੈ। ਪੁਲਿਸ ਨੇ ਘੇਰਾਬੰਦੀ ਕਰਕੇ ਸਾਰਿਆਂ ਨੂੰ ਅੰਦਰ ਬੰਦ ਕਰ ਦਿੱਤਾ ਹੈ। ਸਰਕਾਰ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ, ਇਹ ਕਦੋਂ ਤੱਕ ਜਾਰੀ ਰਹੇਗਾ ? ਇਕਬਾਲ ਅਨੁਸਾਰ ਫਤਿਹਗੜ੍ਹ ਸਾਹਿਬ ਅਤੇ ਸੰਗਰੂਰ ਵਿਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਅਧਿਕਾਰੀਆਂ ਨੂੰ ਘਰਾਂ ਵਿਚ ਨਜ਼ਰਬੰਦ ਕਰ ਦਿੱਤਾ ਗਿਆ ਹੈ।
20 ਜਨਵਰੀ ਨੂੰ ਭਾਨਾ ਸਿੱਧੂ ਨੂੰ ਮਹਿਲਾ ਟਰੈਵਲ ਏਜੰਟ ਇੰਦਰਜੀਤ ਕੌਰ ਕੋਲੋਂ ਰਿਸ਼ਵਤ ਲੈ ਕੇ ਧਰਨਾ ਚੁੱਕਣ ਦੇ ਦੋਸ਼ ‘ਚ ਗ੍ਰਿਫਤਾਰ ਕਰ ਲਿਆ ਗਿਆ ਸੀ। ਭਾਨਾ ਸਿੱਧੂ ਨੂੰ 26 ਜਨਵਰੀ ਨੂੰ ਜ਼ਮਾਨਤ ਮਿਲ ਗਈ ਸੀ। ਪਰ ਉਸ ਵਿਰੁੱਧ ਪਟਿਆਲਾ ਵਿੱਚ ਇੱਕ ਹੋਰ ਕੇਸ ਦਰਜ ਕਰਕੇ ਉਸ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ ਗਿਆ। ਥਾਣਾ ਸਦਰ ਪਟਿਆਲਾ ਦੀ ਪੁਲੀਸ ਨੇ ਸਿੱਧੂ ਖ਼ਿਲਾਫ਼ ਧਾਰਾ 379ਬੀ, 323, 341, 506, 34 ਆਈ.ਪੀ.ਸੀ ਤਹਿਤ ਕੇਸ ਨੰਬਰ 8 ਦਰਜ ਕੀਤਾ ਹੈ।
ਭਾਨਾ ਸਿੱਧੂ ਦੀ ਗ੍ਰਿਫ਼ਤਾਰੀ ਕਾਰਨ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੂੰ ਅੱਜ ਰੇਲ ਰੋਕੋ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਪਰ ਮਾਨ ਨੂੰ ਪਹਿਲਾਂ ਹੀ ਆਪਣੇ ਸਮਰਥਕਾਂ ਸਮੇਤ ਨਜ਼ਰਬੰਦ ਕਰ ਦਿੱਤਾ ਗਿਆ।