ਨਵੀਂ ਦਿੱਲੀ, 23 ਜੁਲਾਈ 2022 – ਸੰਗਰੂਰ ਤੋਂ ਸਾਂਸਦ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਖਿਲਾਫ ਸ਼ਿਕਾਇਤ ਕਰਨ ਵਾਲੇ ਭਾਜਪਾ ਨੇਤਾ ‘ਤੇ ਪਲਟਵਾਰ ਕੀਤਾ ਹੈ। ਟੀਨਾ ਕਪੂਰ ਖਿਲਾਫ ਮਾਨ ਦਿੱਲੀ ਦੇ ਪਾਰਲੀਮੈਂਟ ਸਟਰੀਟ ਥਾਣੇ ਪਹੁੰਚ ਗਏ ਹਨ। ਮਾਨ ਨੇ ਕਿਹਾ ਕਿ ਕਪੂਰ ਖਿਲਾਫ ਮਾਮਲਾ ਦਰਜ ਹੋਣਾ ਚਾਹੀਦਾ ਹੈ। ਟੀਨਾ ਕਪੂਰ ਨੇ ਕੁਝ ਦਿਨ ਪਹਿਲਾਂ ਸਿਮਰਨਜੀਤ ਮਾਨ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਸਿਮਰਨਜੀਤ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿਣ ‘ਤੇ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਸੀ।
ਸਾਬਕਾ ਆਈਪੀਐਸ ਅਧਿਕਾਰੀ ਸਿਮਰਨਜੀਤ ਮਾਨ ਨੇ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਨ੍ਹਾਂ ਦੇ ਬਿਆਨ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਟੀਨਾ ਕਪੂਰ ਸ਼ਰਮਾ ਨੇ ਇਸ ਨੂੰ ਤੋੜ ਮਰੋੜ ਕੇ ਥਾਣੇ ‘ਚ ਸ਼ਿਕਾਇਤ ਦਿੱਤੀ ਹੈ। ਉਸ ਨੇ ਟੀਨਾ ਖ਼ਿਲਾਫ਼ ਆਈਪੀਸੀ ਦੀ ਧਾਰਾ 182 ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ।
ਉਥੇ ਇਸ ਬਾਰੇ ਟੀਨਾ ਕਪੂਰ ਨੇ ਕਿਹਾ ਕਿ ਮਾਨ ਸਾਹਿਬ ਕਹਿ ਰਹੇ ਹਨ ਕਿ ਮੈਂ ਦੇਸ਼ ਨੂੰ ਧੋਖਾ ਦੇ ਰਹੀ ਹਾਂ। ਮੈਂ ਮਾਨ ਖਿਲਾਫ ਝੂਠਾ ਪ੍ਰਚਾਰ ਕਰ ਰਿਹਾ ਹਾਂ। ਉਹ ਕਹਿ ਰਹੇ ਹਨ ਕੇ ਮੈਂ ਤੈਨੂੰ ਨਹੀਂ ਛੱਡਾਂਗਾ, ਪਰ ਤੁਸੀਂ ਭਗਤ ਸਿੰਘ ਨੂੰ ਅੱਤਵਾਦੀ ਕਹਿ ਕੇ ਮੇਰੇ ਸਮੇਤ ਦੇਸ਼ ਦੇ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਜਿੱਥੇ ਚਾਹੋ, ਸ਼ਿਕਾਇਤ ਕਰੋ। ਮੈਂ ਭਗਤ ਸਿੰਘ ਲਈ ਜੇਲ੍ਹ ਜਾਣ ਲਈ ਤਿਆਰ ਹਾਂ। ਮੈਂ ਤੁਹਾਨੂੰ ਏਕਸਪੋਸਜ਼ ਕਰਕੇ ਰਹਾਂਗੀ।
ਦਿਲਚਸਪ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਲਗਾਤਾਰ ਸ਼ਹੀਦ ਭਗਤ ਸਿੰਘ ਨੂੰ ਆਦਰਸ਼ ਦੱਸ ਰਹੀ ਹੈ। ਭਗਤ ਸਿੰਘ ਦੇ ਨਾਂ ‘ਤੇ ਚੋਣ ਲੜਨ ਤੋਂ ਬਾਅਦ ਭਗਵੰਤ ਮਾਨ ਨੇ ਵੀ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਇਸ ਦੇ ਬਾਵਜੂਦ ਪੰਜਾਬ ਦੀ ‘ਆਪ’ ਸਰਕਾਰ ਨੇ ਭਗਤ ਸਿੰਘ ਨੂੰ ਅੱਤਵਾਦੀ ਕਹਿਣ ‘ਤੇ ਕੋਈ ਕਾਰਵਾਈ ਨਹੀਂ ਕੀਤੀ। ‘ਆਪ’ ਦੇ ਮੰਤਰੀ ਮੀਤ ਹੇਅਰ ਨੇ ਪ੍ਰੈਸ ਕਾਨਫਰੰਸ ਕਰਕੇ ਮੁਆਫ਼ੀ ਦੀ ਮੰਗ ਕੀਤੀ ਪਰ ਅੱਗੇ ਕੋਈ ਕਾਰਵਾਈ ਨਹੀਂ ਹੋਈ।