- ਅਧੀਰ ਰੰਜਨ ਚੌਧਰੀ ਹਾਲੇ ਵੀ ਗਾਂਧੀ ਪਰਿਵਾਰ ਦੀ ਨੀਤੀ ਅਪਣਾ ਰਹੇ ਹਨ : ਮਨਜਿੰਦਰ ਸਿੰਘ ਸਿਰਸਾ
ਨਵੀਂ ਦਿੱਲੀ, 22 ਮਈ 2022 – ਭਾਜਪਾ ਦੇ ਸਿੱਖ ਆਗੂ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਦਿੱਲੀ ਪੁਲਿਸ ਕੋਲ ਕਾਂਗਰਸ ਦੇ ਐਮ ਪੀ ਅਧੀਰ ਰੰਜਨ ਚੌਧਰੀ ਦੇ ਖਿਲਾਫ ਫੌਜਦਾਰੀ ਸ਼ਿਕਾਇਤ ਦਰਜ ਕਰਵਾਈ ਕਿ ਉਸਨੇ ਰਾਜੀਵ ਗਾਂਧੀ ਦੀ ਬਰਸੀ ‘ਤੇ ਸਿੱਖਾਂ ਖਿਲਾਫ ਨਫਰਤ ਤੇ ਭੜਕਾਊ ਟਵੀਟ ਕੀਤਾ ਹੈ |
ਪੁਲਿਸ ਨੁੰ ਦਿੱਤੀ ਆਪਣੀ ਸ਼ਿਕਾਇਤ ਵਿਚ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ 21 ਮਈ ਨੁੰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਬਰਸੀ ਹੁੰਦੀ ਹੈ ਤੇ ਰਾਜੀਵ ਗਾਂਧੀ ਨੁੰ ਸਿੱਖ ਭਾਈਚਾਰੇ ਦੇ ਖਿਲਾਫ ਨਫਰਤ ਲਈ ਜਾਣਿਆ ਜਾਂਦਾ ਹੈ | ਉਹਨਾਂ ਕਿਹਾ ਕਿ ਅੱਜ ਇਸ ਦਿਨ ਕਾਂਗਰਸ ਦੇ ਐਮ ਪੀ ਅਧੀਰ ਰੰਜਨ ਚੌਧਰੀ ਨੇ ਸਵੇਰੇ ਇਕ ਟਵੀਟ ਕੀਤਾ ਜਿਸ ਵਿਚ ਉਹਨਾਂ ਇੰਦਰਾ ਗਾਂਧੀ ਦੀ ਮੌਤ ‘ਤੇ ਰਾਜੀਵ ਗਾਂਧੀ ਦਾ ਡਾਇਲਾਗ ਦੁਹਰਾਇਆ ਕਿ ਜਦੋਂ ਇਕ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਹਿਲਦੀ ਹੈ | ਉਹਨਾਂ ਕਿਹਾ ਕਿ ਰਾਜੀਵ ਗਾਂਧੀ ਦੀ ਇਸ ਟਿੱਪਣੀ ਦੇ ਨਤੀਜੇ ਵਜੋਂ ਸਿੱਖ ਭਾਈਚਾਰੇ ਖਿਲਾਫ ਲੋਕ ਭੜਕ ਗਏ ਸਨ ਜਿਸ ਕਾਰਨ ਦਿੱਲੀ ਤੇ ਦੇਸ਼ ਦੇ ਹੋਰ ਸ਼ਹਿਰਾਂ ਵਿਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ |
ਸਿਰਸਾ ਨੇ ਕਿਹਾ ਕਿ ਅੱਜ ਰਾਜੀਵ ਗਾਂਧੀ ਦੀ ਬਰਸੀ ‘ਤੇ ਉਸਦਾ ਉਹੀ ਸਟੈਂਡ ਦੁਹਰਾਉਣ ਦਾ ਮਤਲਬ ਨਫਰਤ ਫੈਲਾਉਣਾ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਨਾ ਹੈ।
ਉਹਨਾਂ ਦੱਸਿਆ ਕਿ ਅਧੀਰ ਰੰਜਨ ਚੌਧਰੀ ਨੇ ਜੋ ਤਸਵੀਰ ਟਵਿੱਟਰ ‘ਤੇ ਸਾਂਝੀ ਕੀਤੀ ਹੈ ਉਸਦਾ ਮਕਸਦ ਨਫਰਤ ਫੈਲਾਉਣਾ ਤੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੁੰ ਸੱਟ ਮਾਰਨਾ ਹੈ ਤੇ ਇਸ ਨਾਲ ਸਿੱਖਾਂ ਦੇ ਜ਼ਖ਼ਮਾ ‘ਤੇ ਲੂਣ ਛਿੜਕਿਆ ਗਿਆ ਹੈ |
ਉਹਨਾਂ ਨੇ ਦਿੱਲੀ ਪੁਲਿਸ ਨੁੰ ਅਪੀਲ ਕੀਤੀ ਕਿ ਉਹ ਤੁਰੰਤ ਅਧੀਰ ਰੰਜਨ ਚੌਧਰੀ ਵੱਲੋਂ ਸਿੱਖਾਂ ਦੀਆਂ ਭਾਵਨਾਵਾਂ ਨੁੰ ਸੱਟ ਮਾਰਨ ਤੇ ਨਫਰਤ ਫੈਲਾਉਣ ਲਈ ਧਾਰਾ 295 ਏ ਆਈ ਪੀ ਸੀ ਤੇ ਹੋਰ ਸਬੰਧਤ ਧਾਰਾਵਾਂ ਦੇ ਤਹਿਤ ਉਸਦੇ ਖਿਲਾਫ ਕੇਸ ਦਰਜ ਕਰੇ |