ਲੁਧਿਆਣਾ, 16 ਜੂਨ 2022 – ਨਸ਼ਾ ਤਸਕਰਾਂ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਪਿਛਲੇ ਚੌਵੀ ਘੰਟਿਆਂ ਦੌਰਾਨ ਪੁਲਿਸ ਨੇ ਵੱਖ-ਵੱਖ ਥਾਵਾਂ ‘ਤੇ ਕਾਰਵਾਈ ਕਰਦੇ ਹੋਏ ਦੋ ਔਰਤਾਂ ਸਮੇਤ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੇ ਕਬਜ਼ੇ ‘ਚੋਂ ਹੈਰੋਇਨ ਅਤੇ ਨਸ਼ੀਲਾ ਪਾਊਡਰ ਬਰਾਮਦ ਹੋਇਆ ਹੈ। ਇਨ੍ਹਾਂ ਖਿਲਾਫ 4 ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਥਾਣਾ ਡਿਵੀਜ਼ਨ ਨੰਬਰ 7 ਦੀ ਪੁਲੀਸ ਨੇ ਮਾਤਾ ਵੈਸ਼ਨੋ ਦੇਵੀ ਧਾਮ ਦੇ ਟੀ-ਪੁਆਇੰਟ ’ਤੇ ਨਾਕਾਬੰਦੀ ਦੌਰਾਨ ਦੋ ਵਿਅਕਤੀਆਂ ਨੂੰ 15 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਏਐਸਆਈ ਸਤਵੀਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੀ ਪਛਾਣ ਸਤਨਾਮ ਸਿੰਘ ਵਾਸੀ ਪਿੰਡ ਕੁਤਬੇਵਾਲ ਅਤੇ ਸੁਭਾਸ਼ ਨਗਰ ਦੀ ਗਲੀ ਨੰਬਰ 10 ਦੇ ਵਾਸੀ ਹਨੀ ਢੋਰ ਵਜੋਂ ਹੋਈ ਹੈ।
ਥਾਣਾ ਮੋਤੀ ਨਗਰ ਦੀ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਟਰਾਂਸਪੋਰਟ ਨਗਰ ਦੀ ਘੋੜਾ ਕਾਲੋਨੀ ਕੱਟ ‘ਚ ਛਾਪਾ ਮਾਰ ਕੇ 2 ਔਰਤਾਂ ਨੂੰ 11 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ ਕੀਤਾ ਹੈ। ਏਐਸਆਈ ਕਰਮਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੀ ਪਛਾਣ ਸ਼ਕੀਲਾ ਅਤੇ ਬਿਮਲਾ ਵਾਸੀ ਹਰੀ ਕ੍ਰਿਸ਼ਨ ਕਲੋਨੀ, ਟਰਾਂਸਪੋਰਟ ਨਗਰ ਵਜੋਂ ਹੋਈ ਹੈ।
ਥਾਣਾ ਮੇਹਰਬਾਨ ਦੀ ਪੁਲਸ ਨੇ ਰਾਹੋਂ ਰੋਡ ਸਥਿਤ ਪਿੰਡ ਮੰਗਲੀ ਟਾਂਡਾ ਕੋਲ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ 8 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਏਐਸਆਈ ਅਵਤਾਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਵਰਿੰਦਰ ਵਰਮਾ ਵਾਸੀ ਮਾਡਲ ਕਲੋਨੀ, ਮੇਹਰਬਾਨ ਚੁੰਗੀ ਵਜੋਂ ਹੋਈ ਹੈ।
ਥਾਣਾ ਸਰਾਭਾ ਨਗਰ ਦੀ ਪੁਲਸ ਨੇ ਬਰੇਵਾਲ ਰੋਡ ‘ਤੇ ਆਸ਼ਾਪੁਰੀ ਚੌਕ ‘ਚ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ 3 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਏਐਸਆਈ ਸੁਭਾਸ਼ ਰਾਜ ਨੇ ਦੱਸਿਆ ਕਿ ਉਸ ਦੀ ਪਛਾਣ ਸ਼ਾਦਾਬ ਵਾਸੀ ਇੰਦਰਾ ਕਲੋਨੀ, ਬਰੇਵਾਲ ਰੋਡ ਵਜੋਂ ਹੋਈ ਹੈ।