ਬਠਿੰਡਾ, 14 ਮਾਰਚ 2025: ਬਠਿੰਡਾ ਪੁਲਿਸ ਨੇ ਇੱਕ ਸੰਖੇਪ ਮੁਕਾਬਲੇ ਤੋਂ ਬਾਅਦ ਛੇ ਬਦਮਾਸ਼ਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ ਜਿਨ੍ਹਾਂ ਨੇ ਲੰਘੀ 11 ਤਰੀਕ ਨੂੰ ਬਠਿੰਡਾ ਭੁੱਚੋ ਸੜਕ ਮਾਰਗ ਤੇ ਸਥਿਤ ਗ੍ਰੀਨ ਹੋਟਲ ਚੋਂ ਏਕੇ47 ਦੀ ਨੋਕ ਤੇ ਤਕਰੀਬਨ ਸੱਤ ਤੋਂ 8 ਹਜਾਰ ਰੁਪਏ ਨਗਦ ਅਤੇ ਚਾਰ ਪੰਜ ਮੋਬਾਈਲ ਲੁੱਟੇ ਸਨ। ਪੁਲਿਸ ਨੇ ਇਸ ਵਾਰਦਾਤ ਦੇ ਵਿੱਚ ਵਰਤੀ ਏਕੇ47 ਰਾਈਫਲ ਵੀ ਬਰਾਮਦ ਕਰ ਲਈ ਹੈ।
ਮੁਢਲੇ ਤੌਰ ਤੇ ਸਾਹਮਣੇ ਆਈ ਜਾਣਕਾਰੀ ਅਨੁਸਾਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਗਰੀਨ ਹੋਟਲ ਤੋਂ ਲੁੱਟ ਕਰਨ ਵਾਲੇ ਬਦਮਾਸ਼ ਭੁੱਚੋ ਮੰਡੀ ਇਲਾਕੇ ਵਿੱਚ ਘੁੰਮ ਰਹੇ ਹਨ। ਇਸ ਤੋਂ ਬਾਅਦ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਇਲਾਕੇ ਨੂੰ ਘੇਰਾ ਪਾ ਕੇ ਜਦੋਂ ਸਰਚ ਆਪਰੇਸ਼ਨ ਚਲਾਇਆ ਤਾਂ ਇਸ ਦੌਰਾਨ ਉਹਨਾਂ ਨੂੰ ਇੱਕ ਬਠਿੰਡਾ ਨੰਬਰ ਦੀ ਗੱਡੀ ਖੜੀ ਨਜ਼ਰ ਆਈ। ਇਸ ਗੱਡੀ ਵਿੱਚੋਂ ਇੱਕ ਬਦਮਾਸ਼ ਨੇ ਪੁਲਿਸ ਤੇ ਏਕੇ47 ਰਾਈਫਲ ਨਾਲ ਗੋਲੀ ਚਲਾ ਦਿੱਤੀ ਜੋ ਗੱਡੀ ਤੇ ਜਾ ਲੱਗੀ।
ਪੁਲਿਸ ਵੱਲੋਂ ਜਵਾਬੀ ਫਾਇਰਿੰਗ ਵਿੱਚ ਸਤਨਾਮ ਸਿੰਘ ਨਾਂ ਦਾ ਇੱਕ ਬਦਮਾਸ਼ ਜਖਮੀ ਹੋਇਆ ਹੈ ਜਿਸ ਦੀ ਲੱਤ ਤੇ ਗੋਲੀ ਲੱਗੀ ਹੈ। ਇਸ ਮੌਕੇ ਪੁਲਿਸ ਨੇ ਪੰਜ ਹੋਰ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂ ਕਿ ਜ਼ਖਮੀ ਵਿਅਕਤੀ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ। ਐਸਪੀ ਸਿਟੀ ਨਰਿੰਦਰ ਸਿੰਘ ਮੌਕੇ ਤੇ ਹਨ ਜਿਨ੍ਹਾਂ ਨੇ ਇਸ ਮੁਕਾਬਲੇ ਦੌਰਾਨ ਛੇ ਬਦਮਾਸ਼ਾਂ ਦੀ ਗ੍ਰਿਫਤਾਰੀ ਸਬੰਧੀ ਪੁਸ਼ਟੀ ਕੀਤੀ ਹੈ।

