ਅੰਮ੍ਰਿਤਸਰ, 11 ਸਤੰਬਰ 2025 – ਅੰਮ੍ਰਿਤਸਰ ਪੁਲਸ ਨੇ ਇਕ ਵੱਡੀ ਕਾਰਵਾਈ ਦੌਰਾਨ ਸਰਹੱਦ ਪਾਰ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੀ ਜਾਣਕਾਰੀ ਪੰਜਾਬ ਦੇ ਡੀ. ਜੀ.ਪੀ. ਗੌਰਵ ਯਾਦਵ ਨੇ ਟਵੀਟ ਕਰ ਸਾਂਝੀ ਕੀਤੀ ਹੈ। ਇਨ੍ਹਾਂ ਕੋਲੋਂ ਛੇ ਆਧੁਨਿਕ ਪਿਸਤੌਲ ਅਤੇ 5.75 ਲੱਖ ਰੁਪਏ ਹਵਾਲਾ ਮਨੀ ਵੀ ਬਰਾਮਦ ਕੀਤੀ ਗਈ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਗਿਰੋਹ ਮਹਾਕਪ੍ਰੀਤ ਸਿੰਘ ਉਰਫ ਰੋਹਿਤ ਵੱਲੋਂ ਵਿਦੇਸ਼ੀ ਹੈਂਡਲਰਾਂ ਦੇ ਇਸ਼ਾਰਿਆਂ ‘ਤੇ ਚਲਾਇਆ ਜਾ ਰਿਹਾ ਸੀ।

ਡੀ. ਜੀ. ਪੀ. ਨੇ ਦੱਸਿਆ ਕਿ ਕਾਰਵਾਈ ਦੌਰਾਨ, ਜਾਂਚ ਦੇ ਵੱਖ-ਵੱਖ ਪੜਾਵਾਂ ‘ਤੇ ਕਈ ਬਰਾਮਦਗੀਆਂ ਕੀਤੀਆਂ ਗਈਆਂ। ਪ੍ਰਗਟ ਸਿੰਘ ਨੂੰ ਸ਼ੁਰੂ ਵਿੱਚ ਸਰਹੱਦ ਪਾਰ ਭੇਜੀਆਂ ਗਈਆਂ ਖੇਪਾਂ ਤੇ ਦੋ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਅੱਗੇ ਦੱਸਿਆ ਕਿ ਹੋਰ ਜਾਂਚ ਤੋਂ ਬਾਅਦ ਅਜੈਬੀਰ ਸਿੰਘ, ਕਰਨਬੀਰ ਸਿੰਘ ਅਤੇ ਸ਼੍ਰੀ ਰਾਮ ਨੂੰ ਵਾਧੂ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਮਾਡਿਊਲ ਦੇ ਮੁੱਖ ਸਰਗਨਾ ਮਹਿਕਪ੍ਰੀਤ ਸਿੰਘ ਨੂੰ ਗੋਆ ਤੋਂ ਤਿੰਨ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਹਥਿਆਰਾਂ ਦੀ ਤਸਕਰੀ ਲਈ ਪੈਸਾ ਹਵਾਲਾ ਰਾਹੀਂ ਪ੍ਰਾਪਤ ਹੋਇਆ ਸੀ, ਜਿਸ ਲਈ ਦਿਨੇਸ਼ ਕੁਮਾਰ ਨੂੰ 5.75 ਲੱਖ ਰੁਪਏ ਦੇ ਹਵਾਲਾ ਰਕਮ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਕੋਲੋ ਬਰਾਮਦਗੀ ਵਿਚ ਇੱਕ ਗਲੌਕ 9MM, ਤਿੰਨ ਪੀਐਕਸ 5 .30 ਬੋਰ, ਇੱਕ 1.32 ਬੋਰ ਅਤੇ ਇੱਕ .30 ਬੋਰ ਪਿਸਤੌਲ ਸ਼ਾਮਲ ਹਨ।
ਡੀ. ਜੀ. ਪੀ. ਨੇ ਦੱਸਿਆ ਕਿ ਇਸ ਮਾਮਲੇ ‘ਚ ਅੰਮ੍ਰਿਤਸਰ ਦੇ ਗੇਟ ਹਕੀਮਾ ਥਾਣੇ ਵਿੱਚ ਐਫ਼.ਆਈ.ਆਰ ਦਰਜ ਕੀਤੀ ਗਈ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ। ਪੁਲਸ ਦਾ ਕਹਿਣਾ ਹੈ ਕਿ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।

